Tuesday, April 23, 2024

                                                           ਨੇਤਾ ਜੀ !
                                  ਤੁਸੀਂ ਤਾਂ ਜ਼ਮਾਨਤ ਹੀ ਜ਼ਬਤ ਕਰਾ ਬੈਠੇ…!
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿੱਚ ਹੁਣ ਤੱਕ ਦੀਆਂ ਲੋਕ ਸਭਾ ਚੋਣਾਂ ’ਚ ਨਿੱਤਰੇ ਕਰੀਬ 1800 ਉਮੀਦਵਾਰਾਂ ਨੂੰ ਨਤੀਜਿਆਂ ਮਗਰੋਂ ਇਹ ਮਿਹਣਾ ਸੁਣਨਾ ਪਿਆ, ‘‘ਏਹ ਤਾਂ ਆਪਣੀ ਜ਼ਮਾਨਤ ਹੀ ਬਚਾਅ ਨਹੀਂ ਸਕੇ।’’ ਜਿਹੜੇ ਉਮੀਦਵਾਰਾਂ ਨੂੰ ਵੋਟਾਂ ਦਾ ਸੋਕਾ ਝੱਲਣਾ ਪੈਂਦਾ ਹੈ, ਉਨ੍ਹਾਂ ਦੇ ਵਿਰੋਧੀਆਂ ਨੇ ਤਨਜ਼ ਕੱਸੇ, ‘‘ਇਨ੍ਹਾਂ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ।’’ 1952 ਦੀ ਪਹਿਲੀ ਲੋਕ ਸਭਾ ਚੋਣ ਤੋਂ ਅੱਜ ਤੱਕ ਪੰਜਾਬ ਵਿਚ ਕੁੱਲ 2457 ਉਮੀਦਵਾਰਾਂ ਨੇ ਚੋਣਾਂ ਲੜੀਆਂ, ਜਿਨ੍ਹਾਂ ’ਚੋਂ 1808 ਉਮੀਦਵਾਰਾਂ (73.58 ਫ਼ੀਸਦੀ) ਦੀ ਜ਼ਮਾਨਤ ਜ਼ਬਤ ਹੋਈ ਹੈ ਅਤੇ ਸਿਰਫ਼ 649 ਉਮੀਦਵਾਰ ਹੀ ਆਪਣੀ ਜ਼ਮਾਨਤ ਬਚਾਅ ਸਕੇ ਹਨ।ਪੰਜਾਬ ’ਚ ਸਿਰਫ਼ ਦੋ ਲੋਕ ਸਭਾ ਚੋਣਾਂ ਅਜਿਹੀਆਂ ਸਨ, ਜਿਨ੍ਹਾਂ ’ਚ ਕਿਸੇ ਉਮੀਦਵਾਰ ’ਦੇ ਮੱਥੇ ’ਤੇ ਜ਼ਮਾਨਤ ਜ਼ਬਤ ਹੋਣ ਦਾ ਦਾਗ਼ ਨਹੀਂ ਲੱਗਿਆ ਸੀ। 

        ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ ਆਖਦੇ ਹਨ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਮਾਨਤ ਰਾਸ਼ੀ ਜ਼ਿਆਦਾ ਨਹੀਂ ਰੱਖੀ ਜਾਂਦੀ ਹੈ ਤਾਂ ਜੋ ਹਰ ਆਮ ਆਦਮੀ ਨੂੰ ਚੋਣ ਲੜਨ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਜ਼ਮਾਨਤ ਜ਼ਬਤ ਹੋਣਾ ਹੁਣ ਸਿਆਸੀ ਲੋਕਾਂ ਲਈ ਸਮਾਜਿਕ ਤੌਰ ’ਤੇ ਪ੍ਰੇਸ਼ਾਨ ਹੋਣ ਦਾ ਸਬੱਬ ਨਹੀਂ ਬਣਦਾ ਹੈ। ਜ਼ਮਾਨਤ ਜ਼ਬਤ ਹੋਣਾ ਸੰਕੇਤ ਕਰਦਾ ਹੈ ਕਿ ਬਹੁਤੇ ਉਮੀਦਵਾਰ ਚੋਣ ਸੰਜੀਦਗੀ ਨਾਲ ਨਹੀਂ ਲੜਦੇ ਅਤੇ ਉਨ੍ਹਾਂ ਦੇ ਚੋਣ ਲੜਨ ਪਿੱਛੇ ਹੋਰ ਵੀ ਕਾਰਨ ਹੁੰਦੇ ਹਨ। ਪ੍ਰਮੁੱਖ ਸਿਆਸੀ ਪਾਰਟੀਆਂ ਆਮ ਤੌਰ ’ਤੇ ਵੋਟਾਂ ਦੀ ਵੰਡ ਕਰਨ ਖ਼ਾਤਰ ਖ਼ੁਦ ਹੀ ਹੋਰ ਉਮੀਦਵਾਰ ਖੜ੍ਹੇ ਕਰ ਦਿੰਦੀਆਂ ਹਨ। 

       ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਗੁਰਕੀਰਤ ਕੋਟਲੀ, ਸਾਧੂ ਸਿੰਘ ਧਰਮਸੋਤ ਤੇ ਰਣਦੀਪ ਸਿੰਘ ਨਾਭਾ ਆਦਿ ਦੀ ਜ਼ਮਾਨਤ ਜ਼ਬਤ ਹੋ ਗਈ ਸੀ।ਸਮੁੱਚੇ ਦੇਸ਼ ਦੀ ਗੱਲ ਕਰੀਏ ਤਾਂ 1952 ਤੋਂ ਹੁਣ ਤੱਕ 91,160 ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਲੜੀਆਂ ਹਨ, ਜਿਨ੍ਹਾਂ ’ਚੋਂ 71,246 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। 1991 ਦੀਆਂ ਚੋਣਾਂ ਵਿਚ 99 ਫ਼ੀਸਦੀ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਇਵੇਂ ਹੀ ਲੰਘੀਆਂ 2019 ਦੀਆਂ ਚੋਣਾਂ ਵਿਚ ਅੱਠ ਹਜ਼ਾਰ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਹੁਣ ਤੱਕ ਦੀਆਂ ਚੋਣਾਂ ’ਚੋਂ 1996 ਦੀਆਂ ਚੋਣਾਂ ਵਿਚ ਸਭ ਤੋਂ ਵੱਧ 13,952 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ’ਚੋਂ 12,699 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

                                               ਜ਼ਮਾਨਤ ਰਾਸ਼ੀ ਲਾਜ਼ਮੀ ਕਰਾਰ

ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 34,1(ਏ) ਤਹਿਤ ਉਮੀਦਵਾਰਾਂ ਨੂੰ ਚੋਣ ਲੜਨ ਲਈ ਜ਼ਮਾਨਤ ਰਾਸ਼ੀ ਜਮ੍ਹਾ ਕਰਾਉਣੀ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਜਦੋਂ ਪਹਿਲੀ ਲੋਕ ਸਭਾ ਚੋਣ ਹੋਈ ਸੀ ਤਾਂ ਉਦੋਂ ਜਨਰਲ ਵਰਗ ਲਈ ਜ਼ਮਾਨਤ ਰਾਸ਼ੀ 500 ਰੁਪਏ ਅਤੇ ਐੱਸਸੀ ਵਰਗ ਲਈ 250 ਰੁਪਏ ਹੁੰਦੀ ਸੀ। ਮੌਜੂਦਾ ਸਮੇਂ ਜ਼ਮਾਨਤ ਰਾਸ਼ੀ ਹੁਣ ਜਨਰਲ ਵਰਗ ਦੇ ਉਮੀਦਵਾਰਾਂ ਲਈ 25 ਹਜ਼ਾਰ ਅਤੇ ਐੱਸਸੀ ਵਰਗ ਲਈ 12,500 ਰੁਪਏ ਹੈ।

                                                           ਇੰਜ ਨਾ ਕਹੋ 
                                           ਚੋਣ ਨਿਸ਼ਾਨ ’ਚ ਕੀ ਰੱਖਿਆ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਚੋਣ ਨਿਸ਼ਾਨ ਦੀ ਚੋਣ ਵੀ ਉਮੀਦਵਾਰਾਂ ਨੂੰ ਠਿੱਠ ਕਰਦੀ ਹੈ। ਮੱਥਾ ਖਪਾਈ ਮਗਰੋਂ ਉਮੀਦਵਾਰ ਉਸ ਚੋਣ ਨਿਸ਼ਾਨ ਨੂੰ ਚੁਣਦੇ ਹਨ ਜਿਹੜਾ ਲੋਕਾਂ ਦੇ ਸਿੱਧਾ ਦਿਲੋਂ ਦਿਮਾਗ਼ ’ਚ ਉੱਤਰਦਾ ਹੋਵੇ। ਜਦੋਂ ਸਿਮਰਨਜੀਤ ਸਿੰਘ ਮਾਨ ਨੇ 1989 ਵਿੱਚ ਤਰਨ ਤਾਰਨ ਤੋਂ ਚੋਣ ਲੜੀ ਸੀ ਤਾਂ ਉਨ੍ਹਾਂ ਦਾ ਚੋਣ ਨਿਸ਼ਾਨ ‘ਸ਼ੇਰ’ ਸੀ ਜਦੋਂ ਕਿ ਬਠਿੰਡਾ ਤੋਂ ਉਦੋਂ ਸੁੱਚਾ ਸਿੰਘ ਮਲੋਆ ਦਾ ਚੋਣ ਨਿਸ਼ਾਨ ‘ਉੱਡਦਾ ਬਾਜ’ ਸੀ। ਉਨ੍ਹਾਂ ਦਿਨਾਂ ’ਚ ਇੱਕ ਲਹਿਰ ਸੀ ਜਿਸ ’ਚ ਰਵਾਇਤੀ ਧਿਰਾਂ ਨੂੰ ਵੱਡੀ ਹਾਰ ਮਿਲੀ ਸੀ। ਇਹ ਚੋਣ ਨਿਸ਼ਾਨ ਪ੍ਰਚਲਿਤ ਹੋਏ ਸਨ। 1994 ਵਿੱਚ ਅਕਾਲੀ ਦਲ (ਮਾਨ) ਨੂੰ ਚੋਣ ਨਿਸ਼ਾਨ ‘ਬਾਲਟੀ’ ਮਿਲਿਆ। ਕੈਪਟਨ ਅਮਰਿੰਦਰ ਸਿੰਘ ਨੇ ਫਰਵਰੀ 2022 ’ਚ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਈ ਤਾਂ ਉਨ੍ਹਾਂ ਨੂੰ ਚੋਣ ਨਿਸ਼ਾਨ ‘ਹਾਕੀ’ ਮਿਲਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ‘ਤੱਕੜੀ’ ਹੈ। ਕਈ ਅਕਾਲੀ ਆਗੂਆਂ ਨੇ ਇਸ ਦੀ ਤੁਲਨਾ ਬਾਬੇ ਨਾਨਕ ਦੀ ਤੱਕੜੀ ਨਾਲ ਕੀਤੀ ਜਿਸ ਤੋਂ ਵਿਵਾਦ ਵੀ ਛਿੜਿਆ। ਸਾਲ 2002 ਵਿੱਚ ਪੰਥਕ ਮੋਰਚਾ ਦੇ ਆਗੂਆਂ ਨੇ ਚੋਣ ਕਮਿਸ਼ਨ ਕੋਲ ਇਤਰਾਜ਼ ਖੜ੍ਹੇ ਕੀਤੇ ਸਨ ਅਤੇ ਤੱਕੜੀ ਨੂੰ ਨਿਆਂਇਕ ਪ੍ਰਣਾਲੀ ਦੇ ਨਿਸ਼ਾਨ ਦੀ ਕਾਪੀ ਦੱਸਿਆ ਸੀ। 

        ਭਾਰਤੀ ਚੋਣ ਕਮਿਸ਼ਨ ਵੱਲੋਂ 193 ਫ਼ਰੀ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜੋ ਆਜ਼ਾਦ ਉਮੀਦਵਾਰ ਲੈ ਸਕਦੇ ਹਨ। ਚੋਣ ਨਿਸ਼ਾਨ ’ਚ ਕੀ ਰੱਖਿਐ ? ਆਜ਼ਾਦ ਉਮੀਦਵਾਰਾਂ ਨੂੰ ਪੁੱਛ ਕੇ ਦੇਖੋ, ਇਹੋ ਆਖਣਗੇ ਕਿ ਚੋਣ ਨਿਸ਼ਾਨ ’ਤੇ ਹੀ ਤਾਂ ਸਾਰੀ ਕਹਾਣੀ ਟਿਕੀ ਹੈ। ਔਰਤ ਉਮੀਦਵਾਰਾਂ ਵੱਲੋਂ ਆਮ ਤੌਰ ’ਤੇ ਘਰੇਲੂ ਸਾਮਾਨ ਨੂੰ ਚੋਣ ਨਿਸ਼ਾਨ ਵਜੋਂ ਲਿਆ ਜਾਂਦਾ ਹੈ, ਜਿਵੇਂ ਪ੍ਰੈਸ਼ਰ ਕੁੱਕਰ, ਗੈਸ ਸਿਲੰਡਰ, ਮਿਕਸਰ ਆਦਿ। 1991 ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਪੰਛੀਆਂ ਅਤੇ ਜਾਨਵਰਾਂ ਨੂੰ ਚੋਣ ਨਿਸ਼ਾਨ ਦੀ ਸੂਚੀ ਵਿੱਚ ਰੱਖਿਆ ਸੀ ਜਿਵੇਂ ਕਬੂਤਰ, ਬਾਜ਼, ਘੋੜਾ, ਜ਼ੈਬਰਾ, ਬੱਕਰੀ ਆਦਿ। ਚੋਣ ਕਮਿਸ਼ਨ ਨੇ 5 ਮਾਰਚ 1991 ਨੂੰ ਇਨ੍ਹਾਂ ਨੂੰ ਸੂਚੀ ਵਿੱਚੋਂ ਹਟਾ ਦਿੱਤਾ। ਤਾਮਿਲਨਾਡੂ ਵਿੱਚ ਜੈਲਲਿਤਾ ਦੀ ਪਾਰਟੀ ਦਾ ਚੋਣ ਨਿਸ਼ਾਨ ‘ਕੁੱਕੜ’ ਸੀ। ਉਮੀਦਵਾਰਾਂ ਨੇ ਵਾਹਨਾਂ ਉਪਰ ‘ਕੁੱਕੜ’ ਬੰਨ੍ਹੇ ਅਤੇ ਚੋਣ ਪ੍ਰਚਾਰ ਕੀਤਾ। ਰੋਜ਼ਾਨਾ ਸੈਂਕੜੇ ‘ਕੁੱਕੜ’ ਮਰ ਜਾਂਦੇ ਸਨ। ਚੋਣ ਕਮਿਸ਼ਨ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਇਹ ਹੁਕਮ ਕੀਤੇ ਗਏ ਕਿ ਕੋਈ ਵੀ ਉਮੀਦਵਾਰ ਪੰਛੀਆਂ ਜਾਂ ਜਾਨਵਰਾਂ ਦਾ ਚੋਣ ਪ੍ਰਚਾਰ ਲਈ ਲਾਈਵ ਪ੍ਰਦਰਸ਼ਨ ਨਹੀਂ ਕਰ ਸਕੇਗਾ।

       ਕੌਮੀ ਤੇ ਸੂਬਾਈ ਰਾਜਸੀ ਪਾਰਟੀਆਂ ਦੇ ਚੋਣ ਨਿਸ਼ਾਨ ਕੋਈ ਖ਼ਾਸ ਤਰਜਮਾਨੀ ਕਰਦੇ ਹਨ ਅਤੇ ਉਨ੍ਹਾਂ ਦੀ ਚੋਣ ਪਿੱਛੇ ਵੀ ਇਹੋ ਮਨੋਰਥ ਹੁੰਦਾ ਹੈ। ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ ’ ਹੈ। ਪੰਜਾਬ ’ਚ ਜਦੋਂ 2022 ਦੀਆਂ ਚੋਣਾਂ ਸਨ ਤਾਂ ਉਦੋਂ ਚਾਰੇ ਪਾਸੇ ਸਮਾਜ ਦਾ ਗੰਦ ‘ਝਾੜੂ’ ਨਾਲ ਹੂੰਝਣ ਦੀ ਗੱਲ ਕੀਤੀ ਗਈ। ਜਦੋਂ ਪਾਰਟੀ ਨੂੰ ਕਿਤੇ ਹਾਰ ਮਿਲੀ ਤਾਂ ਵਿਰੋਧੀ ਆਖਦੇ ਕਿ ‘ਝਾੜੂ’ ਖਿੱਲਰ ਗਿਆ। ਜਦੋਂ ਲੋਕ ਸਭਾ ਦੀ ਪਹਿਲੀ ਚੋਣ 1952 ਵਿੱਚ ਹੋਈ ਸੀ ਤਾਂ ਉਸ ਸਮੇਂ 18.33 ਫ਼ੀਸਦੀ ਸਾਖਰਤਾ ਦਰ ਸੀ। ਅਨਪੜ੍ਹ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਚੋਣ ਨਿਸ਼ਾਨ ਦੀ ਲੋੜ ਮਹਿਸੂਸ ਕੀਤੀ ਗਈ। ਪਹਿਲੇ ਚੋਣ ਕਮਿਸ਼ਨਰ ਸੁਕੁਮਾਰ ਸੇਨ ਨੇ 53 ਪਾਰਟੀਆਂ ਰਜਿਸਟਰਡ ਕੀਤੀਆਂ ਅਤੇ ਚੋਣ ਨਿਸ਼ਾਨ ਦਿੱਤੇ। ਕਾਂਗਰਸ ਪਾਰਟੀ ਦਾ 1952 ਤੋਂ 1969 ਤੱਕ ਚੋਣ ਨਿਸ਼ਾਨ ‘ਬਲਦਾਂ ਦੀ ਜੋੜੀ’ ਰਿਹਾ। 1969 ਵਿੱਚ ਕਾਂਗਰਸ ਵਿੱਚ ਫੁੱਟ ਪੈਣ ਮਗਰੋਂ ਕਾਮਰਾਜ ਦੀ ਅਗਵਾਈ ਵਾਲੀ ਕਾਂਗਰਸ ਨੂੰ ਚੋਣ ਨਿਸ਼ਾਨ ‘ਤਿਰੰਗੇ ਵਿੱਚ ਚਰਖਾ’ ਮਿਲ ਗਿਆ।

        ਨਵੀਂ ਕਾਂਗਰਸ ਨੂੰ ‘ਗਊ ਵੱਛਾ’ ਚੋਣ ਨਿਸ਼ਾਨ ਮਿਲਿਆ। ਐਮਰਜੈਂਸੀ ਮਗਰੋਂ ਕਾਂਗਰਸ ਦਾ ਚੋਣ ਨਿਸ਼ਾਨ ‘ਪੰਜਾ’ ਹੋ ਗਿਆ। ਜਨ ਸੰਘ ਦਾ ਚੋਣ ਨਿਸ਼ਾਨ ਪਹਿਲਾਂ ‘ਦੀਵਾ’ ਸੀ ਅਤੇ ਜਦੋਂ ਜਨਤਾ ਪਾਰਟੀ ਵਿੱਚ ਰਲੇਵਾਂ ਹੋ ਗਿਆ ਤਾਂ ‘ਹਲਧਰ ਕਿਸਾਨ’ ਚੋਣ ਨਿਸ਼ਾਨ ਹੋ ਗਿਆ। 1980 ਵਿੱਚ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ‘ਕਮਲ ਦਾ ਫੁੱਲ’ ਹੋ ਗਿਆ। ਸੀਪੀਆਈ ਦਾ ਚੋਣ ਨਿਸ਼ਾਨ ‘ਦਾਤੀ ਬੱਲੀ’ ਹੈ ਜਦੋਂਕਿ ਮਾਰਕਸਵਾਦੀ ਪਾਰਟੀ ਦਾ ਚੋਣ ਨਿਸ਼ਾਨ ‘ਦਾਤੀ ਹਥੌੜਾ’ ਹੈ। ਤੇਲਗੂ ਦੇਸਮ ਪਾਰਟੀ ਅਤੇ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ‘ਸਾਈਕਲ’ ਹੈ। ਚੋਣ ਨਿਸ਼ਾਨ ਕਈ ਵਾਰ ਏਨੇ ਭਾਰੂ ਪੈ ਜਾਂਦੇ ਹਨ ਕਿ ਪਾਰਟੀ ਦੀ ਥਾਂ ਚੋਣ ਨਿਸ਼ਾਨ ਹੀ ਲੋਕ ਚੇਤਿਆਂ ਦਾ ਹਿੱਸਾ ਬਣ ਜਾਂਦੇ ਹਨ। ਬਸਪਾ ਦਾ ਚੋਣ ਨਿਸ਼ਾਨ ‘ਹਾਥੀ’ ਹੈ। ਚੋਣ ਨਿਸ਼ਾਨ ਨੂੰ ਲੈ ਕੇ ਸ਼ਿਵ ਸੈਨਾ ਦੇ ਧੜਿਆਂ ਵਿੱਚ ਕਿੰਨਾ ਵਿਵਾਦ ਚੱਲਿਆ। 

        ਪੰਜਾਬ ਵਿੱਚ ਆਜ਼ਾਦ ਉਮੀਦਵਾਰ ਧਾਰਮਿਕ ਨਜ਼ਰੀਏ ਤੋਂ ‘ਤੀਰ ਕਮਾਨ’ ਚੋਣ ਨਿਸ਼ਾਨ ਵੀ ਅਕਸਰ ਲੈਂਦੇ ਰਹੇ ਹਨ। ਚੋਣ ਨਿਸ਼ਾਨਾਂ ਤੋਂ ਹੀ ਅੱਗੇ ਨਾਅਰੇ ਉਪਜਦੇ ਹਨ। ਚੋਣ ਪਿੜ ’ਚ ਚੋਣ ਨਿਸ਼ਾਨ ਦਾ ਮਹੱਤਵ ਬਹੁਤ ਵੱਡਾ ਹੁੰਦਾ ਹੈ ਜਿਸ ਵਾਸਤੇ ਕਈ ਵਾਰੀ ਮਾਰੋ ਮਾਰੀ ਵੀ ਹੁੰਦੀ ਹੈ। ਹਰ ਕੋਈ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਆਪਣੀ ਪਸੰਦ ਦੇ ਚੋਣ ਨਿਸ਼ਾਨ ਦੀ ਆਸ ਕਰਦਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਸਿਆਸੀ ਪਾਰਟੀਆਂ ਜਦੋਂ ਦੋ ਫਾੜ ਹੋਈਆਂ ਹਨ ਤਾਂ ਇਨ੍ਹਾਂ ’ਚ ਚੋਣ ਨਿਸ਼ਾਨ ਨੂੰ ਲੈ ਕੇ ਵੀ ਝਗੜਾ ਹੁੰਦਾ ਦੇਖਿਆ ਗਿਆ ਹੈ। ਦੋਫਾੜ ਹੋਈਆਂ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਟਕਸਾਲੀ ਕਹਿ ਕੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਆਪਣਾ ਦੱਸਣ ਦਾ ਦਾਅਵਾ ਕਰਦੀਆਂ ਰਹੀਆਂ ਹਨ।

                                                      ਨਾਅਰੇ ਬੜੇ ਪਿਆਰੇ
                                                 ਦੇਸ਼ ਦਾ ਨੇਤਾ ਕੈਸਾ ਹੋ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਪ੍ਰਚਾਰ ’ਚ ‘ਚੋਣ ਨਾਅਰੇ’ ਇੱਕ ਨਿਆਰਾ ਰੰਗ ਹੀ ਨਹੀਂ ਭਰਦੇ ਸਗੋਂ ਲੋਕ ਉਮੀਦਾਂ ਨੂੰ ਵੀ ਜਗਾਉਂਦੇ ਹਨ। ਨਾਅਰੇ ਹੀ ਹਨ ਜਿਹੜੇ ਧਰਵਾਸ ਬੰਨ੍ਹਦੇ ਹਨ। ਤਾਹੀਂ ਸਿਆਸੀ ਧਿਰਾਂ ਦਾ ਪੂਰਾ ਤਾਣ ਖਿੱਚਪਾਊ ਨਾਅਰੇ ਘੜਨ ’ਤੇ ਲੱਗਦਾ ਹੈ। ਪੰਜਾਬ ਵਿੱਚ ਹਰ ਚੋਣ ’ਚ ਨਵਾਂ ਨਾਅਰਾ ਗੂੰਜਿਆ ਹੈ। ਭਾਜਪਾ ਨੇ ਹੁਣ ‘ਇਸ ਵਾਰ, 400 ਪਾਰ’ ਦਾ ਨਾਅਰਾ ਦਿੱਤਾ ਹੈ ਜਦੋਂਕਿ ਕਾਂਗਰਸ ਨੇ ‘ਹਾਥ ਬਦਲੇਗਾ ਹਾਲਾਤ’ ਦਾ ਨਾਅਰਾ ਦਿੱਤਾ ਹੈ। ਪੰਜਾਬ ’ਚ ‘ਆਪ’ ਦਾ ਨਾਅਰਾ ਹੈ, ‘ਸੰਸਦ ’ਚ ਵੀ ਭਗਵੰਤ ਮਾਨ, ਖ਼ੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’। ਬਹੁਤੇ ਸਿਆਸੀ ਨਾਅਰੇ ਅਜਿਹੇ ਹਨ ਜਿਨ੍ਹਾਂ ਨੂੰ ਹਰ ਸਿਆਸੀ ਨੇਤਾ ਆਪਣੇ ਨਾਮ ਨਾਲ ਫਿੱਟ ਕਰ ਲੈਂਦਾ ਹੈ। ਮਿਸਾਲ ਵਜੋਂ ,‘ਦੇਸ਼ ਕਾ ਨੇਤਾ ਕੈਸਾ ਹੋ..’, ਜਿੱਤੂਗਾ ਬਈ ਜਿੱਤੂਗਾ..’ ਅਤੇ ‘..ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’। ਪੁਰਾਣੇ ਵੇਲਿਆਂ ਵਿੱਚ ਚੋਣ ਨਾਅਰਿਆਂ ’ਚ ਪੰਥਕ ਦਿੱਖ ਵਾਲੇ ਨਾਅਰੇ ਗੂੰਜਦੇ ਸਨ ਜਿਵੇਂ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’, ‘ਦੇਗ ਤੇਗ਼ ਫ਼ਤਹਿ, ਪੰਥ ਕੀ ਜੀਤ’, ‘ਜਿੱਤੇਗਾ ਵੀ ਜਿੱਤੇਗਾ ਤੱਕੜੀ ਵਾਲਾ ਜਿੱਤੇਗਾ।’ ਮੌਜੂਦਾ ਅਕਾਲੀ ਸਿਆਸਤ ‘ਰਾਜ ਨਹੀਂ ਸੇਵਾ’ ਮਗਰੋਂ ਹੁਣ ‘ਸਾਡਾ ਵੀਰ ਸੁਖਬੀਰ’ ਤੱਕ ਪਹੁੰਚ ਗਈ ਹੈ।

        ਪੰਜਾਬ ਵਿੱਚ ਅਕਾਲੀ ਦਲ ਅਤੇ ਜਨ ਸੰਘ (ਚੋਣ ਨਿਸ਼ਾਨ ਦੀਵਾ) ਦਾ ਗੱਠਜੋੜ ਹੁੰਦਾ ਸੀ ਤਾਂ ਉਦੋਂ ਕਾਂਗਰਸੀਆਂ ਦਾ ਅਕਾਲੀਆਂ ਖ਼ਿਲਾਫ਼ ਇੱਕ ਨਾਅਰਾ ਹੁੰਦਾ ਸੀ, ‘ਤੱਕੜੀ ਦੇ ਵਿੱਚ ਦੀਵਾ ਫਸਾ ਕੇ ਲੈਣ ਆਉਣਗੇ ਵੋਟਾਂ ਨੂੰ; ਪਾਓ ਨਾ ਵੀ, ਪਾਓ ਨਾ।’ ਪਹਿਲੀ ਲੋਕ ਸਭਾ ਚੋਣ ਹੋਈ ਤਾਂ ਕਾਂਗਰਸ ਨੇ ਨਾਅਰਾ ਦਿੱਤਾ ‘ਸਥਾਈ, ਅਸੰਪਰਦਾਇਕ ਤੇ ਪ੍ਰਗਤੀਸ਼ੀਲ ਸਰਕਾਰ ਕੇ ਲੀਏ ਕਾਂਗਰਸ’। ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਚੋਣਾਂ ਤੋਂ ਹਟ ਕੇ ਨਾਅਰਾ ਪ੍ਰਚੱਲਤ ਕੀਤਾ, ‘ਹਿੰਦੀ ਚੀਨੀ, ਭਾਈ ਭਾਈ’। ਜਨ ਸੰਘ ਨੇ 1962 ਵਿੱਚ ਨਹਿਰੂ ਦੀ ਵਿਦੇਸ਼ ਨੀਤੀ ’ਤੇ ਤਨਜ਼ ਕੀਤਾ, ‘ਵਾਹ ਰੇ ਨਹਿਰੂ ਤੇਰੀ ਮੌਜ, ਘਰ ਮੇ ਹਮਲਾ, ਬਾਹਰ ਫ਼ੌਜ’। ਲਾਲ ਬਹਾਦਰ ਸ਼ਾਸਤਰੀ ਦਾ ਨਾਅਰਾ ਅੱਜ ਵੀ ਮਕਬੂਲ ਹੈ, ‘ਜੈ ਜਵਾਨ, ਜੈ ਕਿਸਾਨ।’ 1967 ਦੀਆਂ ਚੋਣਾਂ ਵਿੱਚ ਜਨ ਸੰਘ ਨੇ ਵੋਟਰਾਂ ਨੂੰ ਕਾਂਗਰਸ ਤੇ ਤੰਬਾਕੂ ਛੱਡਣ ਦਾ ਸਲਾਹਮਈ ਨਾਅਰਾ ਦਿੱਤਾ, ‘ਜਨ ਸੰਘ ਕੋ ਵੋਟ ਦੋ, ਬੀੜੀ ਪੀਨਾ ਛੋੜ ਦੋ, ਬੀੜੀ ਮੇ ਤੰਬਾਕੂ ਹੈ, ਕਾਂਗਰਸ ਵਾਲਾ ਡਾਕੂ ਹੈ।’ ਕਾਂਗਰਸ ਨੇ 1971 ਵਿਚ ‘ਗ਼ਰੀਬੀ ਹਟਾਓ, ਇੰਦਰਾ ਲਿਆਓ’ ਦਾ ਨਾਅਰਾ ਦਿੱਤਾ। ਜਨ ਸੰਘ ਨੇ ਮੋੜਵਾਂ ਨਾਅਰਾ ਦਿੱਤਾ, ‘ਦੇਖੋ ਇੰਦਰਾ ਕਾ ਯੇ ਖੇਲ, ਖਾ ਗਈ ਰਾਸ਼ਨ, ਪੀ ਗਈ ਤੇਲ’। 

         ਜਨਤਾ ਪਾਰਟੀ ਨੇ 1975 ਵਿਚ ਨਾਅਰਾ ਦਿੱਤਾ, ‘ਇੰਦਰਾ ਹਟਾਓ, ਦੇਸ਼ ਬਚਾਓ’। ਬਿਹਾਰ ’ਚ ਇੱਕ ਨਾਅਰਾ ਬਹੁਤ ਗੂੰਜਿਆ, ‘ਜਬ ਤੱਕ ਰਹੇਗਾ ਸਮੋਸੇ ਮੇ ਆਲੂ, ਤਬ ਤੱਕ ਰਹੇਗਾ ਬਿਹਾਰ ਮੇ ਲਾਲੂ।’ ਬਸਪਾ ਦਾ ਨਾਅਰਾ ਰਿਹਾ ਹੈ, ‘ਚੱਲੇਗਾ ਹਾਥੀ ਉੱਡੇਗੀ ਧੂਲ, ਨਾ ਰਹੇਗਾ ਹਾਥ, ਨਾ ਰਹੇਗਾ ਕਮਲ ਕਾ ਫੂਲ।’ ਉੱਤਰ ਪ੍ਰਦੇਸ਼ ਵਿੱਚ ਦੋ ਨਾਅਰੇ ਸਮਾਜਵਾਦੀ ਪਾਰਟੀ ਦੇ ਵੋਟਰਾਂ ’ਚ ਪ੍ਰਚੱਲਤ ਹੋਏ, ‘ਵਿਕਾਸ ਦਾ ਪਹੀਆ, ਅਖਿਲੇਸ਼ ਭਈਆ’ ਅਤੇ ‘ਵਿਕਾਸ ਕੀ ਚਾਬੀ, ਡਿੰਪਲ ਭਾਬੀ।’ ਦੇਖਿਆ ਜਾਵੇ ਤਾਂ ਇਹ ਨਾਅਰੇ ਹੀ ਹਨ ਜੋ ਲੋਕਾਈ ਦੇ ਦਰਦ ਦਾ ਪ੍ਰਗਟਾਅ ਕਰਦੇ ਹਨ ਅਤੇ ਇਨ੍ਹਾਂ ਜ਼ਰੀਏ ਨੇਤਾ ਲੋਕ ਇੱਕ ਦੂਜੇ ਦੀ ਚੀਰ ਫਾੜ ਕਰਦੇ ਹਨ। ਚੋਣਾਂ ਮੌਕੇ ਸਿਆਸੀ ਧਿਰਾਂ ਵੱਲੋਂ ਵਿਸ਼ੇਸ਼ ਨਾਅਰੇ ਘੜੇ ਜਾਂਦੇ ਹਨ ਜੋ ਲੋਕ ਮਨਾਂ ’ਤੇ ਸਿੱਧਾ ਪ੍ਰਭਾਵ ਛੱਡਣ। ਕਾਂਗਰਸ ਨੇ 1984 ਵਿਚ ਨਾਅਰਾ ਦਿੱਤਾ, ‘ਜਬ ਤੱਕ ਸੂਰਜ ਚਾਂਦ ਰਹੇਗਾ, ਇੰਦਰਾ ਤੇਰਾ ਨਾਮ ਰਹੇਗਾ।’ 

        ਜਦੋਂ ਇੰਦਰਾ ਗਾਂਧੀ 1978 ਵਿੱਚ ਚਿਕਮਗਲੂਰ ਦੀ ਜ਼ਿਮਨੀ ਚੋਣ ਜਿੱਤੀ ਸੀ, ਉਦੋਂ ਨਾਅਰਾ ਗੂੰਜਿਆ ਸੀ, ‘ਏਕ ਸ਼ੇਰਨੀ, ਸੌ ਲੰਗੂਰ, ਚਿਕਮਗਲੂਰ ਚਿਕਮਗਲੂਰ।’ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਕਿਹਾ ਸੀ ,‘ਅਬ ਹੋਗਾ ਨਿਆਂ’। ਹੁਣ ਇੰਡੀਆ ਗੱਠਜੋੜ ਦਾ ਸਰਬ ਸਾਂਝਾ ਨਾਅਰਾ ਹੈ, ‘ਦੇਸ਼ ਤੇ ਸੰਵਿਧਾਨ ਬਚਾਓ, ਭਾਜਪਾ ਹਰਾਓ।’ 2014 ਵਿਚ ਭਾਜਪਾ ਨੇ ਨਾਅਰਾ ਦਿੱਤਾ, ‘ਅਬ ਕੀ ਬਾਰ ਮੋਦੀ ਸਰਕਾਰ’ ਤੇ ‘ਅੱਛੇ ਦਿਨ ਆਨੇ ਵਾਲੇ ਹੈਂ।’ ਭਾਜਪਾ ਨੇ 2019 ਵਿੱਚ ਕਿਹਾ, ‘ਫਿਰ ਏਕ ਬਾਰ, ਮੋਦੀ ਸਰਕਾਰ’। 1991 ਵਿਚ ਭਾਜਪਾ ਦਾ ਨਾਅਰਾ ਸੀ, ‘ਸਭ ਕੋ ਪਰਖਾ, ਹਮਕੋ ਪਰਖੋ। ਇਵੇਂ ਨਿਊਕਲੀਅਰ ਟੈਸਟ ਕਰਨ ਮਗਰੋਂ ਭਾਜਪਾ ਨੇ ਗੂੰਜ ਪਾਈ ਸੀ, ‘ਜੈ ਜਵਾਨ ਜੈ ਕਿਸਾਨ ਜੈ ਵਿਗਿਆਨ’। ‘ਸ਼ਾਈਨਿੰਗ ਇੰਡੀਆ’ ਦਾ ਨਾਅਰਾ ਤਾਂ ਜਲਵਾ ਨਹੀਂ ਦਿਖਾ ਸਕਿਆ ਸੀ। ਕਾਂਗਰਸ ਨੇ 2009 ਵਿੱਚ ਜ਼ੋਰਦਾਰ ਨਾਅਰਾ ਦਿੱਤਾ ਸੀ, ‘ਸੋਨੀਆ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।’

                                               ਆ ਗਿਆ ਬਰਨਾਲਾ…

ਕਿਸਾਨ ਧਿਰਾਂ ਦੇ ਨਾਅਰੇ ਜੋਸ਼ਮਈ ਹੁੰਦੇ ਰਹੇ ਹਨ ਜੋ ਇੱਕ ਲੈਅ ਵਿੱਚ ਵੀ ਹੁੰਦੇ ਸਨ। ਕਿਸਾਨਾਂ ਦਾ ਇੱਕ ਨਾਅਰਾ ਸਿਖਰ ’ਤੇ ਰਿਹਾ। ‘ਸਾਲ ਚੁਰਾਸੀ ਦੇਣਾ ਕੱਟ ਚੁਰਾਸੀ ਨੂੰ, ਕਣਕ ਤੇ ਕਰਜ਼ਾ ਨਹੀਂ ਦੇਣਾ, ਚੋਰਾਂ ਦੀ ਮਾਸੀ ਨੂੰ।’ ਕਿਸਾਨਾਂ ਨੇ ਕਰਜ਼ੇ ਨਾ ਮੋੜਨ ਅਤੇ ਕੇਂਦਰ ਨੂੰ ਕਣਕ ਨਾ ਦੇਣ ਦੀ ਗੱਲ ਆਖੀ ਸੀ। ਜਦੋਂ ਸੁਰਜੀਤ ਸਿੰਘ ਬਰਨਾਲਾ ਕਿਸਾਨਾਂ ਦੀਆਂ ਆਸਾਂ ’ਤੇ ਖਰੇ ਨਾ ਉੱਤਰੇ ਤਾਂ ਧਰਨਿਆਂ ਵਿੱਚ ਨਾਅਰਾ ਗੂੰਜਿਆ, ‘ਆ ਗਿਆ ਬਰਨਾਲਾ, ਕਰਾ ਲਓ ਮੰਗਾਂ ਪੂਰੀਆਂ।’ ਜਦੋਂ ਦੇਸ਼ ਵਿਚ ਤੇਲ ਦੀ ਕਮੀ ਆਈ ਤਾਂ ਪੰਜਾਬ ਵਿੱਚ ਕਿਸਾਨਾਂ ਦੇ ਨਾਅਰੇ ਦੀ ਗੂੰਜ ਪਈ ਸੀ, ‘ਇੰਦਰਾ ਤੇਰੀ ਸੜਕ ’ਤੇ, ਖ਼ਾਲੀ ਢੋਲ ਖੜਕਦੇ।’

Friday, April 19, 2024

                                                        ਦਮਦਾਰ ਚਿਹਰੇ
                                   ਜਿਨ੍ਹਾਂ ਨੇ ਆਪਣੀ ਥਾਲ਼ੀ ਆਪ ਪਰੋਸੀ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਪਹਿਲੇ ਸਮਿਆਂ ’ਚ ਲੋਕ ਸਭਾ ਲਈ ਚੁਣੀਆਂ ਔਰਤਾਂ ਦੀ ਸਿਆਸਤ ’ਚ ਧਾਕ ਹੁੰਦੀ ਸੀ। ਸੰਸਦ ਮੈਂਬਰ ਬਣਨ ਦਾ ਜਿਨ੍ਹਾਂ ਨੂੰ ਸੁਭਾਗ ਮਿਲਿਆ, ਉਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਲੇਖੇ ਲਾਈ। ਅਸੂਲਾਂ ’ਤੇ ਜਿਉਣ ਵਾਲੀਆਂ ਇਨ੍ਹਾਂ ਔਰਤਾਂ ’ਚੋਂ ਝਾਂਸੀ ਦੀ ਰਾਣੀ ਦਾ ਝਉਲਾ ਪੈਂਦਾ ਸੀ। ਕਿਸੇ ਔਰਤ ਨੇ ਜੇਲ੍ਹਾਂ ’ਚ ਜ਼ਿੰਦਗੀ ਕੱਟੀ ਅਤੇ ਕੋਈ ਲੋਕ ਘੋਲਾਂ ਨੂੰ ਪ੍ਰਣਾਈ ਰਹੀ। ਪਹਿਲੀ ਲੋਕ ਸਭਾ ਤੋਂ 17ਵੀਂ ਲੋਕ ਸਭਾ ਤੱਕ ਦੇਸ਼ ਭਰ ’ਚੋਂ ਕੁੱਲ 5146 ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ’ਚੋਂ ਬਹੁਤਿਆਂ ਨੂੰ ਇੱਕ ਤੋਂ ਜ਼ਿਆਦਾ ਵਾਰ ਐੱਮਪੀ ਬਣਨ ਦਾ ਮੌਕਾ ਮਿਲਿਆ। ਇਨ੍ਹਾਂ ’ਚੋਂ 406 ਔਰਤਾਂ ਸਨ, ਜੋ ਸੰਸਦ ਮੈਂਬਰ ਬਣੀਆਂ। ਪੰਜਾਬ ’ਚੋਂ 1952 ਤੋਂ ਲੈ ਕੇ ਹੁਣ ਤੱਕ 148 ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ’ਚੋਂ ਮੌਜੂਦਾ ਪੰਜਾਬ ਦੀਆਂ 11 ਔਰਤਾਂ ਵੀ ਹਨ। ਪੰਜਾਬ ’ਚੋਂ ਪਹਿਲੀ ਵਾਰ 1967 ਵਿਚ ਸੰਗਰੂਰ ਤੋਂ ਨਿਰਲੇਪ ਕੌਰ ਅਤੇ ਪਟਿਆਲਾ ਤੋਂ ਮਹਿੰਦਰ ਕੌਰ ਸੰਸਦ ਮੈਂਬਰ ਬਣੀਆਂ ਸਨ। ਵੇਰਵਿਆਂ ਅਨੁਸਾਰ ਪਹਿਲੀ ਲੋਕ ਸਭਾ ਲਈ ਹਿਮਾਚਲ ਦੇ ਮੰਡੀ ਹਲਕੇ ਤੋਂ ਰਾਜ ਕੁਮਾਰੀ ਅੰਮ੍ਰਿਤ ਕੌਰ ਚੁਣੀ ਗਈ ਸੀ, ਜੋ ਦੇਸ਼ ਦੀ ਪਹਿਲੀ ਸਿਹਤ ਮੰਤਰੀ ਬਣੀ। 

          ਉਹ ਰਾਜਾ ਹਰਨਾਮ ਸਿੰਘ ਕਪੂਰਥਲਾ ਦੀ ਧੀ ਸੀ। ਕੇਰਲਾ ਦੀ ਸੁਸ਼ੀਲਾ ਗੋਪਾਲਨ ਵਿਦਿਆਰਥੀ ਸੰਘਰਸ਼ ਦੌਰਾਨ 1965 ਵਿਚ ਜੇਲ੍ਹ ਵਿਚ ਸੀ ਅਤੇ ਜੇਲ੍ਹ ’ਚੋਂ ਹੀ ਚੋਣ ਜਿੱਤ ਗਈ। ਉਹ ਚੌਥੀ, ਸੱਤਵੀਂ ਅਤੇ ਦਸਵੀਂ ਲੋਕ ਸਭਾ ਦੀ ਮੈਂਬਰ ਬਣੀ। ਪੱਛਮੀ ਬੰਗਾਲ ਦੀ ਰੇਣੂ ਚੱਕਰਵਰਤੀ 1952 ਤੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਬਣੀ। ਰੇਣੂ ਚੱਕਰਵਰਤੀ ਮਜ਼ਦੂਰ ਸਭਾ ਅਤੇ ਮਿਨਰਲ ਵਰਕਰਜ਼ ਯੂਨੀਅਨ ਦੀ ਪ੍ਰਧਾਨ ਸੀ। ਮਹਾਰਾਸ਼ਟਰ ’ਚੋਂ ਸੱਤਵੀਂ ਲੋਕ ਸਭਾ ਦੀ ਮੈਂਬਰ ਬਣੀ ਪ੍ਰੋਮਿਲਾ ਦੰਡਵਤੇ ਨੂੰ ਡੇਢ ਵਰ੍ਹੇ ਮੀਸਾ ਤਹਿਤ ਪੁਣੇ ਜੇਲ੍ਹ ਵਿਚ ਕੈਦ ਕੱਟਣੀ ਪਈ ਸੀ। ਜਨਤਾ ਪਾਰਟੀ ਦੀ ਇਸ ਆਗੂ ਨੇ ਐਂਟੀ ਪ੍ਰਾਈਸ ਰਾਈਜ਼ ਮੂਵਮੈਂਟ ਦੀ ਅਗਵਾਈ ਕੀਤੀ। ਉੱਤਰ ਪ੍ਰਦੇਸ਼ ਦੀ ਕਮਲਾ ਚੌਧਰੀ 1930 ਵਿਚ ਸਿਵਲ ਨਾਫ਼ਰਮਾਨੀ ਮੂਵਮੈਂਟ ਵਿਚ ਕਈ ਵਾਰ ਜੇਲ੍ਹ ਗਈ। ਲੋਕਾਂ ਨੇ ਫ਼ਤਵਾ ਦੇ ਕੇ ਉਸ ਨੂੰ ਤੀਜੀ ਲੋਕ ਸਭਾ ਵਿਚ ਭੇਜਿਆ। ਗਾਂਧੀਅਨ ਤੇ ਸਮਾਜ ਸੁਧਾਰਕ ਜ਼ੋਹਰਾਬੇਨ ਅਕਬਰਭਾਈ ਕਰੀਬ ਸੱਤ ਸਾਲ ਮਹਾਤਮਾ ਗਾਂਧੀ ਦੇ ਸੰਗ ਰਹੀ ਅਤੇ ਉਸ ਨੇ ਸਮਾਜ ਸੁਧਾਰਕ ਪ੍ਰੋਗਰਾਮ ਚਲਾਇਆ। ਉਹ ਕਾਂਗਰਸੀ ਟਿਕਟ ’ਤੇ ਤੀਜੀ ਲੋਕ ਸਭਾ ਚੋਣਾਂ ਵਿਚ ਜਿੱਤੀ। 

           ਆਜ਼ਾਦੀ ਦੀ ਲੜਾਈ ਵਿਚ ਕੁੱਦਣ ਵਾਲੀ ਸੁਚੇਤਾ ਕ੍ਰਿਪਲਾਨੀ ਨੂੰ ਕੌਣ ਭੁੱਲਿਆ ਹੈ। ਉਹ 1963 ਵਿੱਚ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ। ਉਹ ਉੱਤਰ ਪ੍ਰਦੇਸ਼ ਵਿਚ 1943-50 ਵਿਚ ਵਿਧਾਇਕਾ ਰਹੀ ਅਤੇ ਪਹਿਲੀ, ਦੂਜੀ ਅਤੇ ਚੌਥੀ ਲੋਕ ਸਭਾ ਲਈ ਵੀ ਚੁਣੀ ਗਈ। ਉਸ ਦਾ ਪੰਜਾਬੀ ’ਵਰਸਿਟੀ ਨਾਲ ਵੀ ਸਬੰਧ ਦੱਸਿਆ ਜਾਂਦਾ ਹੈ। ਮੋਤੀ ਲਾਲ ਨਹਿਰੂ ਦੀ ਧੀ ਵਿਜੈ ਲਕਸ਼ਮੀ ਪੰਡਿਤ ਪਹਿਲਾਂ ਉਤਰ ਪ੍ਰਦੇਸ਼ ਵਿਚ ਮੰਤਰੀ ਵੀ ਰਹੀ ਅਤੇ ਉੱਤਰ ਪ੍ਰਦੇਸ਼ ’ਚੋਂ ਪਹਿਲੀ, ਤੀਜੀ ਅਤੇ ਚੌਥੀ ਲੋਕ ਸਭਾ ਦੀ ਚੋਣ ਜਿੱਤੀ। ਉਹ 1962 ਵਿਚ ਮਹਾਰਾਸ਼ਟਰ ਦੀ ਗਵਰਨਰ ਵੀ ਰਹੀ। ਇਸੇ ਤਰ੍ਹਾਂ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਦੀ ਧੀ ਮਨੀਬੇਨ ਆਜ਼ਾਦੀ ਦੀ ਲੜਾਈ ਵਿਚ ਕਈ ਵਾਰ ਜੇਲ੍ਹ ਗਈ ਅਤੇ 1975 ਵਿਚ ਸੱਤਿਆਗ੍ਰਹਿ ਕੀਤਾ। ਉਹ ਰਾਜ ਸਭਾ ਮੈਂਬਰ ਵੀ ਬਣੀ ਅਤੇ ਚਾਰ ਵਾਰ ਲੋਕ ਸਭਾ ਮੈਂਬਰ ਵੀ ਚੁਣੀ ਗਈ। ਮੁੱਢਲੇ ਦੌਰ ਵਿਚ ਅਜਿਹੀਆਂ ਔਰਤਾਂ ਦੀ ਘਾਲਣਾ ਦਾ ਮੁੱਲ ਲੋਕਾਂ ਨੇ ਵੋਟਾਂ ਪਾ ਕੇ ਮੋੜਿਆ। ਇਨ੍ਹਾਂ ਨੂੰ ਸਭ ਕੁਝ ਥਾਲ਼ੀ ’ਚ ਪਰੋਸ ਕੇ ਨਹੀਂ ਮਿਲਿਆ।

                                            ਜਿਨ੍ਹਾਂ ਔਰਤਾਂ ਨੇ ਰਿਕਾਰਡ ਬਣਾਏ

ਰਿਕਾਰਡ ਤੋੜ ਵੋਟਾਂ ਹਾਸਲ ਕਰਨ ਵਾਲੀਆਂ ’ਚ ਵਿਜੈ ਰਾਜੇ ਸਿੰਧੀਆ, ਸੁਮਿੱਤਰਾ ਮਹਾਜਨ ਅਤੇ ਮੇਨਕਾ ਗਾਂਧੀ ਨੇ ਅੱਠ ਵਾਰ ਚੋਣ ਜਿੱਤੀ। ਗੀਤਾ ਮੁਖਰਜੀ ਅਤੇ ਮਮਤਾ ਬੈਨਰਜੀ ਨੇ ਸੱਤ ਵਾਰ ਚੋਣ ਜਿੱਤੀ, ਜਦੋਂਕਿ ਉਮਾ ਭਾਰਤੀ ਛੇ ਵਾਰ ਕਾਮਯਾਬ ਹੋਈ। ਇਸੇ ਤਰ੍ਹਾਂ ਮੀਰਾ ਕੁਮਾਰ, ਵਸੁੰਦਰਾ ਰਾਜੇ, ਸੁਖਬੰਸ ਕੌਰ ਭਿੰਡਰ ਅਤੇ ਗੰਗਾ ਦੇਵੀ ਨੂੰ ਪੰਜ ਵਾਰ ਮੌਕਾ ਮਿਲਿਆ।

                                      ਪੰਜਾਬ ’ਚੋਂ ਸੁਖਬੰਸ ਕੌਰ ਭਿੰਡਰ ਦੀ ਝੰਡੀ

ਪੰਜਾਬ ਦਾ ਰਿਕਾਰਡ ਸੰਸਦ ਮੈਂਬਰ ਸੁਖਬੰਸ ਕੌਰ ਭਿੰਡਰ ਦੇ ਨਾਮ ਹੈ, ਜੋ ਮੌਜੂਦਾ ਪੰਜਾਬ ਦੀ ਪਹਿਲੀ ਮਹਿਲਾ ਹੈ, ਜਿਸ ਨੂੰ ਪੰਜ ਵਾਰ ਜਿੱਤ ਹਾਸਲ ਹੋਈ। ਦੂਜੇ ਨੰਬਰ ’ਤੇ ਪ੍ਰਨੀਤ ਕੌਰ ਹਨ ਜਿਨ੍ਹਾਂ ਨੇ ਚਾਰ ਵਾਰ ਚੋਣ ਜਿੱਤੀ। ਸੰਤੋਸ਼ ਚੌਧਰੀ ਅਤੇ ਹਰਸਿਮਰਤ ਕੌਰ ਬਾਦਲ ਨੇ ਤਿੰਨ-ਤਿੰਨ ਵਾਰ ਸਫਲਤਾ ਹਾਸਲ ਕੀਤੀ ਹੈ। ਇਵੇਂ ਹੀ ਪਰਮਜੀਤ ਕੌਰ ਗੁਲਸ਼ਨ ਅਤੇ ਸਤਵਿੰਦਰ ਕੌਰ ਧਾਲੀਵਾਲ ਨੂੰ ਦੋ-ਦੋ ਵਾਰ ਮੌਕਾ ਮਿਲਿਆ।

                                 ਸ਼ਾਹੀ ਘਰਾਣਿਆਂ ’ਚੋਂ ਆਈਆਂ ਸੰਸਦ ਮੈਂਬਰਾਂ

ਸ਼ਾਹੀ ਘਰਾਣਿਆਂ ਦੀਆਂ ਔਰਤਾਂ ਦੀ ਵੀ ਸੰਸਦ ਵਿਚ ਤੂਤੀ ਬੋਲਦੀ ਰਹੀ ਹੈ। ਮਹਾਰਾਣੀ ਦਿਵਿਆ ਸਿੰਘ 11ਵੀਂ ਲੋਕ ਸਭਾ ਲਈ ਚੁਣੀ ਗਈ ਅਤੇ ਜੈਪੁਰ ਦੀ ਰਾਜ-ਮਾਤਾ ਗਾਇਤਰੀ ਦੇਵੀ ਵੀ ਸੰਸਦ ਵਿਚ ਬੈਠੀ। ਤ੍ਰਿਪੁਰਾ ’ਚੋਂ ਦਸਵੀਂ ਲੋਕ ਸਭਾ ਲਈ ਮਹਾਰਾਣੀ ਬਿਭੂ ਕੁਮਾਰੀ ਦੇਵੀ ਚੋਣ ਜਿੱਤੀ। ਉੱਤਰ ਪ੍ਰਦੇਸ਼ ’ਚੋਂ ਰਾਜ ਮਾਤਾ ਕਮਲੇਂਦੁਮਤੀ ਸ਼ਾਹ ਨੇ ਆਜ਼ਾਦ ਉਮੀਦਵਾਰ ਵਜੋਂ ਉੱਤਰ ਪ੍ਰਦੇਸ਼ ’ਚੋਂ ਚੋਣ ਜਿੱਤੀ ਸੀ। ਮੱਧ ਪ੍ਰਦੇਸ਼ ’ਚੋਂ ਵਿਜੈ ਰਾਜੇ ਸਿੰਧੀਆ ਨੇ ਅੱਠ ਵਾਰ ਚੋਣ ਜਿੱਤੀ ਸੀ ਅਤੇ ਵਸੁੰਧਰਾ ਰਾਜੇ ਨੇ ਪੰਜ ਵਾਰ ਚੋਣ ਜਿੱਤੀ।

Tuesday, April 16, 2024

                                                              ਸੰਸਦ ਦੀ ਪੌੜੀ
                                      ਕੌਣ ਨਹੀਂ ਚਾਹੁੰਦਾ ਚੋਣਾਂ ਵਾਲਾ ਲੱਡੂ ਖਾਣਾ
                                                             ਚਰਨਜੀਤ ਭੁੱਲਰ  

ਚੰਡੀਗੜ੍ਹ : ਲੋਕ ਸਭਾ ਚੋਣਾਂ ’ਚ ਜਿੱਤ ਵਾਲਾ ਲੱਡੂ ਖਾਣ ਲਈ ਹੁਣ ਉਮੀਦਵਾਰਾਂ ਦਾ ਕੋਈ ਘਾਟਾ ਨਹੀਂ ਹੈ। ਪੰਜਾਬ ’ਚੋਂ ਲੋਕ ਸਭਾ ਚੋਣਾਂ ਵਿਚ 13 ਮੈਂਬਰਾਂ ਨੂੰ ਸੰਸਦ ਦੀ ਪੌੜੀ ਚੜ੍ਹਨ ਦਾ ਮੌਕਾ ਮਿਲਦਾ ਹੈ। ਵਰ੍ਹਾ 1989 ਦੀਆਂ ਲੋਕ ਸਭਾ ਚੋਣਾਂ ਮਗਰੋਂ ਸੂਬੇ ਵਿਚ ਉਮੀਦਵਾਰਾਂ ਦਾ ਅੰਕੜਾ ਵਧਣ ਲੱਗ ਪਿਆ ਹੈ। ਚੋਣ ਮੈਦਾਨ ਵਿਚ ਨਿੱਤਰਨ ਵਾਲੇ ਜ਼ਿਆਦਾਤਰ ਉਮੀਦਵਾਰ ਆਜ਼ਾਦ ਹੀ ਚੋਣ ਲੜੇ ਹਨ ਪਰ ਉਨ੍ਹਾਂ ਨੂੰ ਲੋਕ ਫ਼ਤਵਾ ਟਾਵੇਂ-ਟਾਵੇਂ ਮੌਕਿਆਂ ’ਤੇ ਹੀ ਮਿਲਿਆ ਹੈ। ਉਮੀਦਵਾਰਾਂ ਨੇ ਸੁਫ਼ਨੇ ਵੀ ਦੇਖੇ ਅਤੇ ਲੋਕਾਂ ਨੂੰ ਵੀ ਸੁਫ਼ਨੇ ਦਿਖਾਏ। ਬਹੁਤੇ ਉਮੀਦਵਾਰਾਂ ਨੇ ਹਾਰ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ ਹੈ।ਵੇਰਵਿਆਂ ਅਨੁਸਾਰ ਸਾਲ 2019 ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੇ 13 ਸੰਸਦੀ ਹਲਕਿਆਂ ਦੇ ਚੋਣ ਪਿੜ ’ਚ ਨਿੱਤਰਨ ਵਾਲਿਆਂ ਦੀ ਗਿਣਤੀ 253 ਰਹੀ। ਮਤਲਬ ਇਹ ਕਿ ਇਨ੍ਹਾਂ ਦੋਵਾਂ ਚੋਣਾਂ ਵਿਚ ਪ੍ਰਤੀ ਹਲਕਾ ਉਮੀਦਵਾਰਾਂ ਦੀ ਗਿਣਤੀ ਔਸਤਨ 19-19 ਰਹੀ ਹੈ। ਇੱਕ ਹਲਕਾ ਅਜਿਹਾ ਵੀ ਸੀ ਜਿੱਥੇ 29 ਉਮੀਦਵਾਰ ਚੋਣ ਮੈਦਾਨ ਵਿਚ ਸਨ। 

           ਪਹਿਲੀ ਲੋਕ ਸਭਾ ਚੋਣ ਸਮੇਂ 15 ਹਲਕੇ ਹੁੰਦੇ ਸਨ ਜਿਨ੍ਹਾਂ ਤੋਂ 101 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਪ੍ਰਤੀ ਹਲਕਾ ਔਸਤਨ ਚਾਰ ਉਮੀਦਵਾਰ ਸਨ। 1957 ਦੀਆਂ ਲੋਕ ਸਭਾ ਚੋਣਾਂ ਵਿਚ 78 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ ਅਤੇ ਪ੍ਰਤੀ ਹਲਕਾ ਪੰਜ ਉਮੀਦਵਾਰ ਮੈਦਾਨ ’ਚ ਸਨ। ਪੰਜਾਬ ਵਿਚ 1996 ਦੀ ਲੋਕ ਸਭਾ ’ਚ ਉਮੀਦਵਾਰਾਂ ਦੀ ਭਾਗੀਦਾਰੀ ਦਾ ਰਿਕਾਰਡ ਅੱਜ ਤੱਕ ਕੋਈ ਨਹੀਂ ਤੋੜ ਸਕਿਆ ਹੈ। ਉਸ ਸਮੇਂ 259 ਉਮੀਦਵਾਰ ਮੈਦਾਨ ’ਚ ਕੁੱਦੇ ਸਨ ਜਿਨ੍ਹਾਂ ਦੀ ਪ੍ਰਤੀ ਹਲਕਾ ਉਮੀਦਵਾਰੀ ਔਸਤਨ 20 ਬਣਦੀ ਹੈ। ਮੌਜੂਦਾ ਲੋਕ ਸਭਾ ਚੋਣਾਂ ਵਿਚ ਇਹ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਸਾਲ 1989 ਦੀਆਂ ਚੋਣਾਂ ਵਿਚ ਵੀ 227 ਉਮੀਦਵਾਰ ਚੋਣ ਲੜੇ ਸਨ ਅਤੇ ਇਹ ਔਸਤਨ 17 ਉਮੀਦਵਾਰਾਂ ਦੀ ਪ੍ਰਤੀ ਹਲਕਾ ਬਣਦੀ ਹੈ। ਉਦੋਂ ਇੱਕ ਹਲਕੇ ’ਚੋਂ ਤਾਂ 38 ਉਮੀਦਵਾਰ ਚੋਣ ਮੈਦਾਨ ਵਿਚ ਸਨ। ਹੁਣ ਤੱਕ ਸਭ ਤੋਂ ਘੱਟ ਉਮੀਦਵਾਰਾਂ ਵਾਲੀ ਚੋਣ 1985 ਦੀ ਹੈ ਜਦੋਂ ਸਿਰਫ਼ 74 ਉਮੀਦਵਾਰ ਹੀ ਚੋਣ ਲੜੇ ਸਨ। 1996 ਦੀ ਚੋਣ ਮਗਰੋਂ ਉਮੀਦਵਾਰਾਂ ਦਾ ਅੰਕੜਾ ਕਦੇ ਘਟਿਆ ਨਹੀਂ। 

          1998 ਵਿਚ ਚੋਣ ਮੈਦਾਨ ਵਿਚ 102 ਉਮੀਦਵਾਰ ਸਨ ਜਦੋਂ ਕਿ ਸਾਲ 1999 ਵਿਚ 120 ਉਮੀਦਵਾਰ ਚੋਣ ਲੜੇ ਸਨ। ਇਸੇ ਤਰ੍ਹਾਂ ਸਾਲ 2004 ਵਿਚ 142 ਉਮੀਦਵਾਰ ਅਤੇ 2009 ਵਿਚ 218 ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ। ਹਾਲਾਂਕਿ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਵੱਡੀ ਰਹੀ ਹੈ। ਮਿਸਾਲ ਦੇ ਤੌਰ ’ਤੇ 2019 ਦੀਆਂ ਚੋਣਾਂ ਵਿਚ ਪੰਜਾਬ ਦੇ 13 ਹਲਕਿਆਂ ਤੋਂ 223 ਆਜ਼ਾਦ ਉਮੀਦਵਾਰਾਂ, 2014 ਵਿਚ 118 ਅਤੇ 2009 ਵਿਚ 113 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਸਨ। ਬਹੁਤੇ ਆਜ਼ਾਦ ਉਮੀਦਵਾਰਾਂ ਦੇ ਮਨਸ਼ੇ ਕੁੱਝ ਹੋਰ ਹੁੰਦੇ ਹਨ। ਕਈ ਵਾਰੀ ਪ੍ਰਮੁੱਖ ਸਿਆਸੀ ਧਿਰਾਂ ਵੀ ਵਿਰੋਧੀ ਵੋਟਾਂ ਨੂੰ ਵੰਡਣ ਖ਼ਾਤਰ ਆਜ਼ਾਦ ਉਮੀਦਵਾਰਾਂ ਨੂੰ ਸ਼ਿੰਗਾਰ ਲੈਂਦੀ ਹੈ ਤਾਂ ਜੋ ਇੱਕ ਖ਼ਾਸ ਵਰਗ ਦੀ ਇੱਕ ਖ਼ਾਸ ਏਰੀਏ ਵਿਚ ਵੋਟ ਵੰਡੀ ਜਾ ਸਕੇ। ਕਈ ਆਜ਼ਾਦ ਉਮੀਦਵਾਰ ਅਜਿਹੇ ਹਨ, ਜੋ ਲੋਕ ਸਭਾ ਚੋਣਾਂ ਵਿਚ ਖੜ੍ਹਦੇ ਹਨ ਜਿਨ੍ਹਾਂ ਨੂੰ ਕਦੇ ਬਹੁਤੀ ਵੋਟ ਵੀ ਹਾਸਲ ਨਹੀਂ ਹੋਈ ਹੈ।ਸਿਆਸੀ ਵਿਸ਼ਲੇਸ਼ਕ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਆਖਦੇ ਹਨ ਕਿ ਉਮੀਦਵਾਰਾਂ ਦੀ ਵਧੇਰੇ ਭਾਗੀਦਾਰੀ ਜਮਹੂਰੀਅਤ ਲਈ ਸ਼ੁਭ ਸੰਕੇਤ ਹੈ ਪ੍ਰੰਤੂ ਬਹੁਤੇ ਆਜ਼ਾਦ ਉਮੀਦਵਾਰ ਚੋਣਾਂ ਵਿਚ ਸੰਜੀਦਗੀ ਨਹੀਂ ਦਿਖਾਉਂਦੇ ਹਨ।

                                     ਤਿੰਨ ਆਜ਼ਾਦ ਉਮੀਦਵਾਰ ਚੜ੍ਹੇ ਸੰਸਦ ਦੀ ਪੌੜੀ

ਪੰਜਾਬ ਵਿਚ ਹੁਣ ਤੱਕ ਸਿਰਫ਼ ਤਿੰਨ ਆਜ਼ਾਦ ਉਮੀਦਵਾਰ ਹੀ ਸੰਸਦ ਦੀ ਪੌੜੀ ਚੜ੍ਹੇ ਹਨ। ਸਾਲ 1998 ਵਿਚ ਫਿਲੌਰ ਹਲਕੇ ਤੋਂ ਆਜ਼ਾਦ ਉਮੀਦਵਾਰ ਸਤਨਾਮ ਕੈਂਥ ਨੇ ਚੋਣ ਜਿੱਤੀ ਸੀ ਜਿਨ੍ਹਾਂ ਨੇ ਆਪਣੇ ਵਿਰੋਧੀ ਬਸਪਾ ਉਮੀਦਵਾਰ ਹਰਭਜਨ ਲਾਖਾ ਨੂੰ ਹਰਾਇਆ ਸੀ। ਇਸੇ ਤਰ੍ਹਾਂ ਸਾਲ 1989 ਵਿਚ ਦੋ ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ। ਫ਼ਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ ਨੇ ਆਪਣੇ ਵਿਰੋਧੀ ਜਗਮੀਤ ਬਰਾੜ ਤੇ ਚੌਧਰੀ ਦੇਵੀ ਲਾਲ ਨੂੰ ਚਿੱਤ ਕੀਤਾ ਸੀ ਜਦੋਂ ਕਿ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਵਿਨੋਦ ਕੁਮਾਰ ਨੂੰ ਹਰਾਇਆ ਸੀ।

                                                          ਸਿਆਸੀ ਫ਼ਨਕਾਰ
                                   ਨਾ ਘਰ ਨਾ ਬਾਰ, ਚਾਹੁੰਦੇ ਨੇ ਸਰਕਾਰ..!
                                                           ਚਰਨਜੀਤ ਭੁੱਲਰ   

ਚੰਡੀਗੜ੍ਹ : ਲੋਕ ਸਭਾ ਚੋਣਾਂ ’ਚ ਇਕੱਲੇ ਕਰੋੜਪਤੀ ਹੀ ਨਹੀਂ ਕੁੱਦਦੇ ਰਹੇ ਬਲਕਿ ਜਿਨ੍ਹਾਂ ਦੀ ਜੇਬ ਖ਼ਾਲੀ ਸੀ, ਉਹ ਵੀ ਚੋਣ ਮੈਦਾਨ ਵਿਚ ਡਟਦੇ ਰਹੇ ਹਨ। ਉਨ੍ਹਾਂ ਉਮੀਦਵਾਰਾਂ ਦਾ ਜਿਗਰਾ ਦੇਖੋ ਜਿਨ੍ਹਾਂ ਕੋਲ ਨਾ ਕੋਈ ਸੰਪਤੀ ਸੀ ਅਤੇ ਨਾ ਹੀ ਜੇਬ ’ਚ ਕੋਈ ਧੇਲਾ ਸੀ ਪਰ ਉਨ੍ਹਾਂ ਨੇ ਚੋਣਾਂ ’ਚ ਉਤਰ ਕੇ ਇਹ ਸਾਬਤ ਕੀਤਾ ਕਿ ਚੋਣਾਂ ਪੈਸੇ ਵਾਲਿਆਂ ਦੀ ਜਾਗੀਰ ਨਹੀਂ। ਇਹ ਵੱਖਰੀ ਗੱਲ ਹੈ ਕਿ ਖ਼ਾਲੀ ਖ਼ਜ਼ਾਨੇ ਵਾਲੇ ਉਮੀਦਵਾਰ ਕਦੇ ਲੋਕ ਸਭਾ ਚੋਣਾਂ ਵਿਚ ਸਫਲਤਾ ਦੀ ਮੱਲ ਨਹੀਂ ਮਾਰ ਸਕੇ। ਹਾਲਾਂਕਿ ਵਿਧਾਨ ਸਭਾ ਚੋਣਾਂ 2022 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਕੋਈ ਪੈਸਾ ਖ਼ਰਚੇ ਵਿਧਾਇਕੀ ਤੱਕ ਪੁੱਜੇ ਹਨ ਅਤੇ ਕਈ ਮੰਤਰੀ ਵੀ ਬਣੇ ਹਨ। ਵੇਰਵਿਆਂ ਅਨੁਸਾਰ ਲੋਕ ਸਭਾ ਚੋਣਾਂ 2019 ਵਿਚ ਪੰਜਾਬ ’ਚ ਕੁੱਲ 277 ਉਮੀਦਵਾਰ ਮੈਦਾਨ ਵਿਚ ਕੁੱਦੇ ਸਨ। ਇੱਕ ਬੰਨ੍ਹੇ ਫ਼ਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਸਨ ਜਿਨ੍ਹਾਂ ਕੋਲ 217 ਕਰੋੜ ਦੀ ਸੰਪਤੀ ਸੀ, ਦੂਜੇ ਪਾਸੇ ਸੰਗਰੂਰ ਹਲਕੇ ਤੋਂ ਮਜ਼ਦੂਰ ਪੱਪੂ ਕੁਮਾਰ ਵੀ ਚੋਣ ਪਿੜ ਵਿਚ ਸੀ ਜਿਸ ਕੋਲ ਕੋਈ ਸੰਪਤੀ ਹੀ ਨਹੀਂ ਸੀ। ਨਾ ਘਰ ਨਾ ਬਾਰ, ਫਿਰ ਵੀ ਚੋਣ ਪ੍ਰਚਾਰ ਵਿਚ ਪੱਪੂ ਜੁਟਿਆ ਰਿਹਾ। 

       ਸੰਗਰੂਰ ਹਲਕੇ ਤੋਂ ਕੇਵਲ ਸਿੰਘ ਢਿੱਲੋਂ ਚੋਣ ਲੜ ਰਹੇ ਸਨ ਜਿਨ੍ਹਾਂ ਕੋਲ 131 ਕਰੋੜ ਦੀ ਸੰਪਤੀ ਸੀ। ਲੁਧਿਆਣਾ ਤੋਂ ਦਿਲਦਾਰ ਸਿੰਘ ਕੋਲ ਸਿਰਫ਼ ਛੇ ਹਜ਼ਾਰ ਦੀ ਪ੍ਰਾਪਰਟੀ ਸੀ ਪਰ ਚੋਣਾਂ ਵਿਚ ਉਹ ਬਦਲਾਅ ਦੀ ਗੱਲ ਕਰ ਰਿਹਾ ਸੀ। ਬਠਿੰਡਾ ਹਲਕੇ ਤੋਂ ਭਗਵੰਤ ਸਮਾਓ ਦੋ ਦਹਾਕਿਆਂ ਤੋਂ ਚੋਣ ਲੜ ਰਿਹਾ ਹੈ। ਉਸ ਨੇ ਪਹਿਲੀ ਚੋਣ 2004 ਅਤੇ ਫਿਰ 2009 ਵਿਚ ਲੜੀ। ਉਸ ਮਗਰੋਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ। ਹੁਣ ਮੁੜ ਬਠਿੰਡਾ ਹਲਕੇ ਤੋਂ ਚੋਣ ਮੈਦਾਨ ਵਿਚ ਹੈ। ਭਗਵੰਤ ਸਮਾਓ ਕੋਲ 2009 ਵਿਚ ਕੋਈ ਸੰਪਤੀ ਨਹੀਂ ਸੀ ਬਲਕਿ ਸਿਰ ’ਤੇ 15 ਹਜ਼ਾਰ ਦਾ ਕਰਜ਼ਾ ਸੀ। ਉਸ ਨੂੰ ਕਿਸੇ ਚੋਣ ਵਿਚ ਸਫਲਤਾ ਨਹੀਂ ਮਿਲੀ।ਲੋਕ ਸਭਾ ਚੋਣਾਂ 2014 ਦੀ ਗੱਲ ਕਰੀਏ ਤਾਂ ਕੁੱਲ 253 ਉਮੀਦਵਾਰ ਚੋਣ ਪਿੜ ਵਿਚ ਸਨ। ਇਨ੍ਹਾਂ ਚੋਣਾਂ ਵਿਚ 118 ਕਰੋੜ ਦੀ ਮਾਲਕ ਅੰਬਿਕਾ ਸੋਨੀ ਵੀ ਚੋਣ ਲੜ ਰਹੀ ਸੀ ਅਤੇ ਦੂਸਰੇ ਪਾਸੇ ਬਠਿੰਡਾ ਹਲਕੇ ਤੋਂ ਗੀਤਾ ਰਾਣੀ ਵੀ ਮੈਦਾਨ ਵਿਚ ਸੀ ਜਿਸ ਕੋਲ ਕੋਈ ਜਾਇਦਾਦ ਹੀ ਨਹੀਂ ਸੀ। ਉਨ੍ਹਾਂ ਚੋਣਾਂ ਵਿਚ ਅਰੁਣ ਜੇਤਲੀ ਵੀ ਉਮੀਦਵਾਰ ਸਨ ਜਿਨ੍ਹਾਂ ਕੋਲ 113 ਕਰੋੜ ਦੀ ਸੰਪਤੀ ਸੀ ਜਦਕਿ ਜਲੰਧਰ ਦੇ ਕੁਲਦੀਪ ਕੁਮਾਰ ਕੋਲ ਕੋਈ ਸੰਪਤੀ ਨਹੀਂ ਸੀ।


          ਇਵੇਂ ਗੁਰਦਾਸਪੁਰ ’ਚ ਚੋਣ ਲੜਨ ਵਾਲੇ ਸਿਕੰਦਰ ਸਿੰਘ ਕੋਲ ਸਿਰਫ਼ 1500 ਰੁਪਏ ਦੀ ਕੁੱਲ ਪੂੰਜੀ ਸੀ। ਅਗਾਂਹ ਚੱਲੀਏ ਤਾਂ 2009 ਦੀਆਂ ਲੋਕ ਸਭਾ ਚੋਣਾਂ ਵਿਚ ਕੁੱਲ 202 ਉਮੀਦਵਾਰ ਖੜ੍ਹੇ ਸਨ ਜਿਨ੍ਹਾਂ ਵਿਚ 34 ਕਰੋੜ ਦੀ ਸੰਪਤੀ ਦਾ ਮਾਲਕ ਰਾਣਾ ਗੁਰਜੀਤ ਸਿੰਘ ਵੀ ਸੀ ਅਤੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਵਾਲਾ ਰਾਜਿੰਦਰ ਸਿੰਘ ਵੀ ਸੀ ਜਿਸ ਦੀ ਜੇਬ ਖ਼ਾਲੀ ਸੀ। ਲੁਧਿਆਣਾ ਹਲਕੇ ਵਿਚ ਖੜ੍ਹੇ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਕੋਲ ਸਿਰਫ਼ 609 ਰੁਪਏ ਸਨ ਅਤੇ ਬਠਿੰਡਾ ਤੋਂ ਆਜ਼ਾਦ ਚੋਣ ਲੜਨ ਵਾਲੇ ਰਜਨੀਸ਼ ਕੁਮਾਰ ਕੋਲ ਕੇਵਲ 1200 ਰੁਪਏ ਸਨ। ਬਠਿੰਡਾ ਹਲਕੇ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਚੋਣ ਲੜ ਰਿਹਾ ਸੀ ਜੋ 14 ਕਰੋੜ ਦੀ ਸੰਪਤੀ ਦੀ ਮਾਲਕੀ ਹੈ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ 71 ਉਮੀਦਵਾਰ ਖੜ੍ਹੇ ਸਨ ਜਿਨ੍ਹਾਂ ਵਿਚ ਪਟਿਆਲਾ ਸੀਟ ਤੋਂ ਪ੍ਰਨੀਤ ਕੌਰ ਵੀ ਸ਼ਾਮਲ ਸਨ। ਪ੍ਰਨੀਤ ਕੌਰ ਕੋਲ 41 ਕਰੋੜ ਦੀ ਮਾਲਕੀ ਸੀ ਅਤੇ ਰਾਣਾ ਗੁਰਜੀਤ ਸਿੰਘ ਕੋਲ 20 ਕਰੋੜ ਦੀ ਮਾਲਕੀ ਸੀ।

          ਦੂਜੇ ਪਾਸੇ ਫ਼ਿਰੋਜ਼ਪੁਰ ਸੀਟ ਤੋਂ ਚੋਣ ਲੜਨ ਵਾਲੇ ਅਜੈ ਡੇਨੀਅਲ ਕੋਲ ਨਾ ਘਰ ਤੇ ਨਾ ਹੀ ਕੋਈ ਪੂੰਜੀ ਸੀ। 12ਵੀਂ ਪਾਸ ਅਜੈ ਚੋਣਾਂ ਵਿਚ ਡਟਿਆ ਰਿਹਾ। ਅੰਮ੍ਰਿਤਸਰ ਸੀਟ ਤੋਂ ਗੀਤਾ ਨੇ ਚੋਣ ਲੜੀ। ਪੋਸਟ ਗਰੈਜੂਏਟ ਗੀਤਾ ਕੋਲ ਕੋਈ ਸੰਪਤੀ ਨਹੀਂ ਸੀ। ਲੋਕ ਸਭਾ ਚੋਣ ਲੜਨ ਵਾਲੇ ਉਮੀਦਵਾਰਾਂ ਲਈ 25,000 ਰੁਪਏ ਜ਼ਮਾਨਤ ਰਾਸ਼ੀ (ਜਨਰਲ ਵਰਗ) ਅਤੇ ਰਾਖਵੇਂ ਵਰਗ ਲਈ ਜ਼ਮਾਨਤ ਰਾਸ਼ੀ 12,500 ਰੁਪਏ ਹੈ। ਸੰਪਤੀ ਵਿਹੂਣੇ ਲੋਕਾਂ ਲਈ ਇਹ ਰਾਸ਼ੀ ਇਕੱਠੀ ਕਰਨੀ ਸੌਖੀ ਨਹੀਂ ਹੈ। ਆਮ ਤੌਰ ’ਤੇ ਆਜ਼ਾਦ ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਵੀ ਜ਼ਬਤ ਕਰਾ ਬੈਠਦੇ ਹਨ। ਇਸ ਦੇ ਬਾਵਜੂਦ ਅਜਿਹੇ ਉਮੀਦਵਾਰਾਂ ਵਿਚ ਕੋਈ ਕਮੀ ਨਹੀਂ ਆਈ ਹੈ। ਲੋਕ ਰਾਜ ਦੀ ਤੰਦਰੁਸਤੀ ਲਈ ਇਹ ਉਸਾਰੂ ਕਦਮ ਹੈ ਕਿ ਹਰ ਕੋਈ ਚੋਣ ਲੜਨ ਦੇ ਸੁਫ਼ਨੇ ਦੇਖ ਸਕਦਾ ਹੈ।

Friday, April 12, 2024

                                                ਤੇਰੀ ਲੀਲਾ ਨਿਆਰੀ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ: ‘ਸੌ ਹੱਥ ਰੱਸਾ, ਸਿਰੇ ’ਤੇ ਗੰਢ’, ਓਸ ਰੱਬ ਦੇ ਹੁਕਮ ਬਿਨਾਂ ਪੱਤਾ ਨਹੀਓਂ ਹਿੱਲਦਾ। ਰੱਬ ਦੇ ਹੁਕਮ ਅੱਗੇ ਫੇਰ ਰਵਨੀਤ ਬਿੱਟੂ ਕਿਹੜੇ ਬਾਗ਼ ਦੀ ਮੂਲੀ ਹੈ! ਤੁਸੀਂ ਹੁਣ ਪਲਟੂ ਲੁਧਿਆਣਵੀ ਕਹੋ, ਚਾਹੇ ਖ਼ਾਕੀ ਨਾਥ; ਅਗਲਾ ਰੱਬ ਤੋਂ ਐਨਓਸੀ ਲੈ, ਸਿੱਧਾ ਭਾਜਪਾ ਨਗਰੀ ਵੱਲ ਇੰਜ ਦੌੜਿਆ ਜਿਵੇਂ ਮਿਲਖਾ ਸਿੰਘ ਹੋਵੇ। ਨਗਰੀ ਦੇ ਗੱਠੜੀ ਘਰ ’ਚ ਪਹਿਲੋਂ ਹਯਾ-ਸ਼ਰਮ ਨੂੰ ਜਮ੍ਹਾਂ ਕਰਾਇਆ, ਫਿਰ ਅਕਲ ਨੂੰ ਖੀਸੇ ਪਾਇਆ। ਕਾਕਾ ਰਵਨੀਤ ਬਿੱਟੂ ਨੇ ਸਿਰ ਨਿਵਾਇਆ, ਅਗਲਿਆਂ ਪਰਨਾ ਪਾਇਆ। ਰੌਲਾ ਦਾਸੋ! ਚੁੱਪ ਕਰੋ ਏਹ ਤਾਂ ਕਾਕਾ ਜੀ ਨੇ ਰੱਬ ਦਾ ਹੁਕਮ ਵਜਾਇਐ।

         ਪ੍ਰਭਾਤ ਫੇਰੀ ’ਚ ਜਥੇ ਗਾ ਰਹੇ ਨੇ, ‘ਤੇਰੇ ਸੰਦਾਂ ਦਾ ਭੇਤ ਨਾ ਆਇਆ, ਦੁਨੀਆਂ ਬਣਾਉਣ ਵਾਲਿਆ।’ ਓਧਰ ਸੁਰਗਪੁਰੀ ’ਚ ਦਾਦਾ ਬੇਅੰਤ ਸਿੰਘ ਸਿਰ ਫੜੀ ਬੈਠਾ ਹੈ। ਦਲ-ਬਦਲੂ ਰੈਜੀਮੈਂਟ ਦੇ ਰੰਗਰੂਟਾਂ ਨੂੰ ਵੇਖ, ਬ੍ਰਹਿਮੰਡ ਦੇ ਏਲੀਅਨਾਂ ਨੇ ਵੀ ਮੱਥੇ ’ਤੇ ਹੱਥ ਮਾਰਿਆ, ‘‘ਬਈ! ਏਨੇ ਸਸਤੇ ਤਾਂ ਜਾਖੜਾਂ ਦੇ ਪਿੰਡਾਂ ’ਚ ਕਿੰਨੂ ਨ੍ਹੀਂ ਵਿਕੇ ਹੋਣੇ, ਜਿੰਨੇ ’ਚ ਚੁਫੇਰ-ਗੜ੍ਹੀਏ ਵਿਕ ਗਏ।’’ ਭੈਣ ਪ੍ਰਿਅੰਕਾ ਗਾਂਧੀ ਨੇ ਜਦੋਂ ਖ਼ਾਲੀ ਘੋੜੀ ਦੇਖੀ ਤਾਂ ਬੀਬਾ ਰਣਜੀਤ ਕੌਰ ਤੋਂ ਰਿਹਾ ਨਾ ਗਿਆ, ‘ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ…’

        ਲੁਧਿਆਣੇ ’ਚ ਨਾਅਰਾ ਗੂੰਜਿਆ, ‘ਦੇਸ਼ ਕਾ ਨੇਤਾ ਕੈਸਾ ਹੋ’, ਭਾਜਪਾਈ ਬੋਲੇ, ਰਵਨੀਤ ਬਿੱਟੂ ਜੈਸਾ ਹੋ।’ ਆਸ਼ੂ ਲੁਧਿਆਣਵੀ ਆਖਦੇ ਪਏ ਹੋਣਗੇ ‘ਸਜਾਈ ਥੀ ਹਮਨੇ ਮਹਿਫ਼ਲ, ਲੂਟ ਲੇ ਗਯਾ ਕੋਈ।’ ਪ੍ਰਤਾਪ ਬਾਜਵਾ ਜੀ! ਦਿਲ ਹੌਲਾ ਨਾ ਕਰੋ, ਆਹ ਗਾਣੇ ’ਤੇ ਧਿਆਨ ਧਰੋ, ‘ਅਬ ਤੇਰੇ ਬਿਨ ਜੀ ਲੇਂਗੇ ਹਮ…।’ ਕੈਪਟਨ ਅਮਰਿੰਦਰ ਸਿਓਂ ਬਾਰਡਰਾਂ ’ਤੇ ਵੀ ਲੜੇ, ਕੰਦੂਖੇੜੇ ’ਚ ਵੀ ਲੜੇ। ਅੱਜ ਕੱਲ੍ਹ ਦਲ-ਬਦਲੂ ਬ੍ਰਿਗੇਡ ਦੇ ਜਰਨੈਲ ਨੇ। ਬੀਬੀ ਪਰਨੀਤ ਕੌਰ ਸੁਭਾਅ ਦੇ ਏਨੇ ਸੁਸ਼ੀਲ ਨੇ, ਜਿਨ੍ਹਾਂ ਨੇ ਚੋਣ ਜਲਸੇ ’ਚ ਭਗਵਾ ਝੰਡਾ ਆਪਣੇ ਪੁਰਾਣੇ ਵਰਕਰ ਦੇ ਹੱਥ ਫੜਾ ਦਿੱਤਾ, ਓਸ ਭਲੇ ਨੇ ਹੱਥ ’ਚ ਭਾਜਪਾਈ ਝੰਡਾ ਫੜ ਆਹ ਚੰਦ ਚੜ੍ਹਾ ਦਿੱਤਾ, ‘ਜਿੱਤੂਗਾ ਬਈ ਜਿੱਤੂਗਾ, ਮੇਰਾ ਪੰਜੇ ਵਾਲਾ ਜਿੱਤੂਗਾ।’

         ਇਨ੍ਹਾਂ ਜਰਨੈਲਾਂ-ਕਰਨੈਲਾਂ ਨੂੰ ਬਿਨ ਮੰਗੀ ਸਲਾਹ ਹੈ ਕਿ ਇੱਕ ਮੈਡੀਟੇਸ਼ਨ ਕੈਂਪ ਲਾ ਕੇ ਹਿਰਦੇ-ਪ੍ਰਵਰਤਨ ਕਰਾਓ, ਨਵੇਂ ਨਾਅਰੇ ਸਿਖਾਓ। ‘ਅਸਾਡੇ ਮਾਹੀ ਦੀ ਇਹੋ ਨਿਸ਼ਾਨੀ, ਕੰਨ ਵਿਚ ਮੁੰਦਰਾਂ ਗਲ ਵਿਚ ਗਾਨੀ’। ਜਿੰਨੇ ਵੀ ਲਿੱਬੜੇ ਤਿਬੜੇ ਨੇ, ਭਾਜਪਾ ਆਲੇ ਕੱਪੜਿਆਂ ਤੋਂ ਪਛਾਣ ਲੈਂਦੇ ਨੇ। ਈਡੀ ਲਿਆਉਂਦੇ ਨੇ, ਭਾਜਪਾ ਨਗਰੀ ਦੀ ਸੀੜੀ ਚੜ੍ਹਾਉਂਦੇ ਨੇ, ਨਵਿਆਂ ਦੇ ਗਲ ਪਰਨਾ ਪਾਉਂਦੇ ਨੇ, ਪੀੜੀ ’ਤੇ ਬਿਠਾਉਂਦੇ ਨੇ, ਫਿਰ ਗੰਗਾ ਜਲ ਨਾਲ ਨੁਹਾਉਂਦੇ ਨੇ। ਏਨੇ ਤਾਂ ਭੱਪੀ ਲਹਿਰੀ ਨੇ ਰਿਕਾਰਡ ਲਾਂਚ ਨ੍ਹੀਂ ਕੀਤੇ ਹੋਣੇ, ਜਿੰਨੇ ਭਾਜਪਾ ਨੇ ਕਾਂਗਰਸੀ ਪ੍ਰਿੰਟ ਰਿਲੀਜ਼ ਕੀਤੇ ਨੇ।

        ਜਿਹੜੇ ਆਏ ਹੀ ਰੱਬ ਦੇ ਹੁਕਮਾਂ ’ਤੇ ਨੇ, ਉਨ੍ਹਾਂ ’ਚੋਂ ਭਾਜਪਾ ਨੂੰ ਰੱਬ ਤਾਂ ਦਿਖੂਗਾ ਹੀ... ‘ਤੁਝਮੇਂ ਰੱਬ ਦਿਖਤਾ ਹੈ, ਯਾਰਾ ਮੈਂ ਕਯਾ ਕਰੂੰ।’  ਜ਼ਰੂਰ ਈਡੀ ਰੱਬ ਦੇ ਘਰ ਗੇੜਾ ਮਾਰ ਕੇ ਆਈ ਹੋਊ, ਤਾਹੀਂ ਰੱਬ ਦੇ ਬੰਦੇ ਭਾਜਪਾ ਦੇ ਚਰਨੀਂ ਲੱਗ ਰਹੇ ਨੇ। ਜਨ-ਸੰਘ ਵਾਲੇ ਕਿਸੇ ਵੇਲੇ ਪੰਜਾਬੀ ਦੇ ਵਿਰੋਧ ’ਚ ਉਚਾਰਣ ਵਿਗਾੜ ਕੇ ਨਾਅਰੇ ਮਾਰਦੇ ਹੁੰਦੇ ਸਨ, ‘ਊਡਾ-ਈਡੀ ਨਹੀਂ ਪੜ੍ਹਾਂਗੇ’। ਸਮੇਂ ਦੇ ਰੰਗ ਵੇਖੋ, ਅੱਜ ਉਹੀ ਈਡੀ ਭਾਜਪਾ ਦੇ ਕੰਮ ਆ ਰਹੀ ਹੈ।

         ਹਕੂਮਤਾਂ ਦੇ ਖ਼ੂਨ ’ਚ ਇੱਲ੍ਹਪੁਣਾ ਹੈ, ਤਾਹੀਓਂ ਭਾਜਪਾਈ ਪੰਜਿਆਂ ’ਚ ਕਿਤੇ ਬਿੱਟੂ ਫਸ ਜਾਂਦੈ ਤੇ ਕਿਤੇ ਸੁਸ਼ੀਲ ਰਿੰਕੂ। ਨਾਲੇ ਆਪਣਾ ਸੁਸ਼ੀਲ ਰਿੰਕੂ ਤਾਂ ਹੈ ਹੀ ਉਸ ਸੁਸ਼ੀਲ ਕੰਨਿਆ ਵਰਗੈ ਜਿਹੜੀ ਅਣਜਾਣੇ ’ਚ ਕਿਸੇ ਦੋਸਤ ਨਾਲ ਰੰਝੇਟੜੇ ਚਲੀ ਜਾਂਦੀ ਹੈ। ਜ਼ਰਾ ਯਾਦ ਕਰੋ, ਕੇਜਰੀਵਾਲ ਨੇ ਇਸ ਅਕਬਰੀ ਰਤਨ ਨੂੰ ਕਿਵੇਂ ਪਾਲ ਪਲੋਸ ਇਨਕਲਾਬੀ ਬਣਾਇਆ। ਭਾਜਪਾ ਨੇ ‘ਇਨਕਲਾਬ’ ਹੀ ਲੁੱਟ ਲਿਆ। ਪਾਰਲੀਮੈਂਟ ਅੱਗੇ ਆਪਣੇ ਆਪ ਨੂੰ ਸੰਗਲਾਂ ’ਚ ਜਕੜ ਰਿੰਕੂ ਨੇ ਇਸ਼ਾਰਾ ਵੀ ਕੀਤਾ ਪਰ ‘ਆਪ’ ਦਾ ਪਾਠਕ ਪੜ੍ਹ ਨਾ ਸਕਿਆ। ਕਿਧਰੋਂ ਚਮਕੀਲਾ ਜੋੜੀ ਦਾ ਗੀਤ ਵੱਜਿਐ, ‘ਰੋਦੀਂ ਕੁਰਲਾਉਂਦੀ ਨੂੰ, ਵੇ ਕੋਈ ਲੈ ਚੱਲਿਆ ਮੁਕਲਾਵੇ।’ 

        ਸੁਸ਼ੀਲ ਰਿੰਕੂ ਜਦੋਂ ਅਯੁੱਧਿਆ ਦਰਸ਼ਨ ਮਗਰੋਂ ਵਾਪਸ ਜਲੰਧਰ ਪਰਤੇ ਸੀ, ਉਦੋਂ ਭਗਵੰਤ ਮਾਨ ਨੇ ਬਥੇਰਾ ਸਮਝਾਇਆ, ਪਰ ਵੇਲਾ ਹੱਥ ਨਾ ਆਇਆ ਜਦੋਂ ਬੁੜ ਬੁੜ ਕਰਦੇ ਰਿੰਕੂ ਭਾਜਪਾ ਦੇ ਟਰੱਕ ਜਾ ਚੜ੍ਹੇ। ਟਰੱਕ ਡਰਾਈਵਰ ਜਾਖੜ ਨੇ ਰਿੰਕੂ ਨੂੰ ਤਾੜਿਆ ਤੇ ਗਾਣਾ ਵਜਾ ਦਿੱਤਾ, ‘ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਬਹਿ’ਜਾ।’ ਰਿੰਕੂ ਜਲੰਧਰੀ ਏਨੇ ਸੁਸ਼ੀਲ ਨੇ, ਕੱੱਛੇ ਵਾਂਗੂ ਪਾਰਟੀ ਬਦਲ ਦਿੰਦੇ ਨੇ। ਹੁਣ ਪੰਜਾਬ ਤਰਫ਼ੋਂ ਆਸਾ ਸਿੰਘ ਮਸਤਾਨਾ ਪੁੱਛ ਰਹੇ ਨੇ, ‘ਪੇਕੇ ਜਾਣ ਵਾਲੀਏ, ਮਖਾ ਨੀ ਕਿੰਨਾ ਚਿਰ ਲਾਏਗੀ’। 

       ਇਨਕਲਾਬੀ ਐੱਮਐੱਲਏ ਸ਼ੀਤਲ ਅੰਗੁਰਾਲ ਵੀ ਸਿੱਧਾ ਭਾਜਪਾ ਦੀ ਫ਼ਰਿੱਜ ’ਚ ਜਾ ਲੱਗਿਆ। ਅੰਗੁਰਾਲ ਨੇ ਕਿਤੇ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹਿਆ ਹੁੰਦਾ ਤਾਂ ਭਾਜਪਾ ਦਾ ਕਾਰਪੋਰੇਟੀ ਚਿਹਰਾ ਪੜ੍ਹ ਪਾਉਂਦਾ। ਚੋਣਾਂ ਵੇਲੇ ਮੁਸ਼ਕਲਾਂ ਜਥਿਆਂ ’ਚ ਆਉਂਦੀਆਂ ਨੇ। ਪੰਜਾਬੀ ਕਿੰਨੇ ਕਿਸਮਤ ਆਲੇ ਨੇ, ਸਿੰਗਲ ਵਿੰਡੋ ’ਚੋਂ ਹੀ ਹੁਣ ਸਭ ਸੁਵਿਧਾ ਮਿਲੂ। ਪੰਜਾਬੀ ਜਣੋ! ਰਵਨੀਤ ਬਿੱਟੂ ਦਾ ਬਾਹਰੋਂ ਲਿਬਾਸ ਦੇਖ ਭਾਜਪਾ ਆਲਾ ਸੁਆਦ ਲਓ, ਅੰਦਰੋਂ ਕਾਂਗਰਸੀ ਰੂਹ ਦੇ ਦਰਸ਼ਨ ਵੀ ਕਰੋ। ਸਿਆਸੀ ਭੰਵਰੇ ਨੇ, ਕਾਂਗਰਸ ਦੇ ਫੁੱਲ ’ਤੇ ਬੈਠਦੇ ਨੇ, ਕਦੇ ਕਮਲ ਦੇ ਫੁੱਲ ’ਤੇ। 

        ਕਾਂਗਰਸੀ ਰਾਜ ਕੁਮਾਰ ਚੱਬੇਵਾਲ, ਵਿਚਾਰੇ ਵਿਧਾਨ ਸਭਾ ’ਚ ਸੰਗਲੀ ਲੈ ਕੇ ਪੁੱਜੇ ਸਨ, ਸਮੇਤ ਸੰਗਲੀ ਹੁਣ ‘ਬਦਲਾਅ’ ਦੇ ਤਾਂਗੇ ’ਤੇ ਚੜ੍ਹ ਗਏ। ਗੁਰਪ੍ਰੀਤ ਜੀਪੀ ਤਾਂਗਾ ਸਵਾਰ ਬਣ ਗਏ ਨੇ। ਰਾਜਾ ਵੜਿੰਗ ਕੰਨ ’ਤੇ ਹੱਥ ਰੱਖ ਹੇਕ ਲਾ ਰਹੇ ਸਨ, ‘ਪਰਦੇਸੀ! ਪਰਦੇਸੀ!! ਜਾਨਾ ਨਹੀਂ, ਮੁਝੇ ਛੋੜ ਕੇ…।’ ਪ੍ਰਭੂ ਦੀ ਲੀਲ੍ਹਾ ਨਿਆਰੀ ਹੈ, ਵਿਰੋਧੀ ਧਿਰਾਂ ਨੂੰ ਜਨਮ ਪੱਤਰੀ ਦਿਖਾ ਲੈਣੀ ਚਾਹੀਦੀ ਹੈ। ਜ਼ਰੂਰ ਸਾੜ੍ਹਸਤੀ ਚੱਲ ਰਹੀ ਹੋਊ, ’ਕੱਲੀ ਤਿੱਲ ਚੌਲੀ ਪਾ ਕੇ ਨਹੀਂ ਸਰਨਾ।

        ਜਿਵੇਂ ਪੰਜਾਬ ਭਾਜਪਾ ਦਾ ਹੁਣ ਕਾਂਗਰਸੀਕਰਨ ਹੋਇਆ ਹੈ, ਉਸ ਨੂੰ ਦੇਖ ਲੱਗਦਾ ਹੈ ਕਿ ਮਨੋਰੰਜਨ ਕਾਲੀਆ ਨੂੰ ਕੌੜਾ ਘੁੱਟ ਭਰਨਾ ਪਊ ਤੇ ਹਰਜੀਤ ਗਰੇਵਾਲ ਨੂੰ ਸਬਰ ਦਾ ਘੁੱਟ। ਅਸਾਂ ਦੇ ਸੁਪਨੇ ’ਚ ਇੱਕ ਦਿਨ ਕਾਲੀਆ ਤੇ ਗਰੇਵਾਲ ਆਏ। ਪੁੱਛਣ ਲੱਗੇ ਕਿ ਬਈ! ਅਸੀਂ ਤਾਂ ਵਿਹਲੇ ਹੋ ਗਏ, ਹੁਣ ਕੀ ਕਰੀਏ। ਅਸਾਂ ਲੱਖਣ ਲਾ ਸਮਝਾਇਆ ਕਿ ਜਿਉਂਦੇ ਜੀਅ ਕੋਈ ਕੰਮਾਂ ਦਾ ਘਾਟੈ। ਗੱਲ ਲੜ ਬੰਨ੍ਹੋ, ਹੁਣ ਚੋਣ ਜਲਸੇ ਹੋਣਗੇ। ਗਰੇਵਾਲ ਸਾਹਿਬ! ਜਿੱਥੇ ਬੀਬੀ ਪਰਨੀਤ ਕੌਰ ਚੋਣ ਜਲਸਾ ਕਰਨ, ਉੱਥੇ ਪਹਿਲਾਂ ਜਾਓ, ਝਾੜੂ ਲਾਓ, ਦਰੀਆਂ ਵਿਛਾਓ, ਟੈਂਟ ਲਗਾਓ, ਵਰਕਰਾਂ ਨੂੰ ਪਾਣੀ ਪਿਲਾਓ।

        ਕਾਲੀਆ ਜੀ ਅੱਗੇ ਹੋ ਕੇ ਪੁੱਛਣ ਲੱਗੇ, ਦਾਸ ਨੂੰ ਕੀ ਹੁਕਮ। ਕਾਲੀਆ ਬਾਬੂ! ਜਿੱਥੇ ਸੁਸ਼ੀਲ ਰਿੰਕੂ ਜਾਣ, ਉੱਥੇ ਉਨ੍ਹਾਂ ਦੇ ਗੁਣ ਗਾਓ, ਸੰਗਤਾਂ ਨੂੰ ਹੱਥੀਂ ਲੰਗਰ ਪਾਣੀ ਛਕਾਓ। ਅਸਾਡੇ ਸੁਪਨੇ ’ਚ ਐਨ ਪੂਰਾ ਰੰਗ ਬੱਝਿਆ, ਕਿਤੇ ਟਕਸਾਲੀ ਭਾਜਪਾਈ ਨਵੇਂ ਸਜਿਆ ਦੇ ਅੱਗੇ ਝਾੜੂ ਮਾਰਦੇ ਪਏ ਸਨ, ਕਿਤੇ ਦਰੀਆਂ ਵਿਛਾਉਂਦੇ ਪਏ ਸਨ। ਜਹਾਂ ਚਾਹ, ਵਹਾ ਰਾਹ। ਨਾਲੇ ਵਾਜਪਾਈ ਨੂੰ ਧਿਆ ਗਾਣਾ ਗਾਉਂਦੇ ਪਏ ਸਨ, ‘ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ।’ ਲੱਗਦਾ ਹੈ ਕਿ ਭਾਜਪਾ ਆਲੀ ਦਲ-ਬਦਲੂ ਰੈਜੀਮੈਂਟ ਦਾ ਮਾਣ ਸਤਿਕਾਰ ਐਤਕੀਂ ਪੂਰਾ ਪੰਜਾਬ ਕਰੂ। ਜਿਵੇਂ ਭਾਜਪਾ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੂੰ ਬਿਠਾਇਆ ਸੀ, ਉਵੇਂ ਹੁਣ ਕਿਸਾਨ ਭਾਜਪਾਈਆਂ ਨੂੰ ਪਲਕਾਂ ’ਤੇ ਬਿਠਾਉਣਗੇ, ਕੋਈ ਸ਼ੱਕ ਹੋਵੇ ਤਾਂ ਹੰਸ ਰਾਜ ਹੰਸ ਨੂੰ ਪੁੱਛ ਲੈਣਾ। 

       ਰਵਨੀਤ ਬਿੱਟੂ ਆਖਦੇ ਪਏ ਨੇ ਕਿ ਪੰਜਾਬ ਦੀ ਤਰੱਕੀ ਲਈ ਭਾਜਪਾ ਦੇ ਘਰ ਤਕ ਗਏ ਹਾਂ। ਸੁਸ਼ੀਲ ਰਿੰਕੂ ਆਖਦਾ ਪਿਐ ਕਿ ਨਵਾਂ ਜਲੰਧਰ ਬਣਾਉਣ ਲਈ ਅੱਕ ਚੱਬਿਐ। ਮੰਨ ਗਏ ਥੋਡੀ ਨਿਸ਼ਕਾਮ ਸੇਵਾ ਨੂੰ। ਪੁਰਾਣੀ ਕਹਾਵਤ ਹੈ, ‘ਤੂੜੀ ਵੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੁਰਾਣੇ ਸਮਿਆਂ ’ਚ ਜਦੋਂ ਕੋਈ ਜਹਾਨੋਂ ਚਲਾ ਜਾਂਦਾ ਤਾਂ ਭਟਕਦੀ ਰੂਹ ਦੀ ਪੰਡਤ ਗਤੀ ਕਰਦੇ। ਭਟਕਦੀ ਰੂਹ ਆਪਣਾ ਹਿੱਸਾ ਮੰਗਦੀ। ਨਾਟਕ ‘ਦੇਵ ਪੁਰਸ਼ ਹਾਰ ਗਏ...’ ਵਿੱਚ ਭਟਕਦੀ ਰੂਹ ਖੀਰ ਮੰਗਦੀ ਹੈ। ਭਟਕਦੀ ਰੂਹ ਨੂੰ ਪੰਡਤ ਆਖਦੇ, ਲਾਣੇਦਾਰਾ! ਆ ਚੱਲੀਏ, ਬੈਠ ਗੱਡੀ ’ਚ।

          ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ। ਜੇ ਜਿਉਂਦੇ ਜੀਅ ਜ਼ਮੀਰ ਮਰ ਜਾਵੇ ਤਾਂ ਉਹਦੀ ਭਟਕਣਾ ਵੀ ਘੱਟ ਨਹੀਂ ਹੁੰਦੀ। ਫੇਰ ਸਿਆਸੀ ਰੂਹਾਂ ਵੀ ਆਪਣਾ ਹਿੱਸਾ ਮੰਗਦੀਆਂ ਨੇ। ਕੁਰਸੀ ਖ਼ਾਤਰ ਇਖ਼ਲਾਕ ਨੂੰ ਸੂਲੀ ’ਤੇ ਚੜ੍ਹਾ ਦਿੰਦੀਆਂ ਨੇ। ਦੀਨ ਈਮਾਨ ਨੂੰ ਉਮਰ ਕੈਦ ਕਰਾ ਦਿੰਦੀਆਂ ਨੇ। ਬੱਸ ਆਹ ਚਾਰ-ਟੰਗੀ ਕੁਰਸੀ ਖ਼ਾਤਰ। ਅਖੀਰ ਵਿਚ ਮੁਹੰਮਦ ਰਫ਼ੀ ਤੋਂ ਇਹ ਧਰਵਾਸਾ ਲੈਂਦੇ ਜਾਓ- ‘‘ਆਦਮੀ ਮੁਸਾਫ਼ਿਰ ਹੈ, ਆਤਾ ਹੈ ਜਾਤਾ ਹੈ…’’

(7 ਅਪਰੈਲ 2024)

                                                      ਚੋਣ ਸਿਆਸਤ
                              ਵੱਡਿਆਂ ਰਾਹ ਬਣਾਏ, ਨੂੰਹਾਂ ਕਦਮ ਵਧਾਏ..!
                                                      ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਚੋਣਾਂ ਦਾ ਪਿੜ ਵੱਡੇ ਘਰਾਂ ਦੀਆਂ ਨੂੰਹਾਂ ਲਈ ਕਦੇ ਓਪਰਾ ਨਹੀਂ ਰਿਹਾ। ਚੋਣ ਛੋਟੀ ਹੋਵੇ ਤੇ ਚਾਹੇ ਵੱਡੀ, ਚੋਣ ਮੈਦਾਨ ਵਿਚ ਸਿਰਫ਼ ਨੂੰਹਾਂ ਦਾ ਨਹੀਂ, ਪਹਿਲਾਂ ਦਾ ਸੱਸਾਂ ਵੀ ਚੋਣ ਸਿਆਸਤ ਨਾਲ ਗਹਿਰਾ ਰਿਸ਼ਤਾ ਰਿਹਾ ਹੈ। ਕਈ ਵੱਡੇ ਪਰਿਵਾਰਾਂ ’ਚ ਜਿੱਤ ਦਾ ਤਾਜ ਪਹਿਲਾਂ ਸੱਸ ਸਿਰ ਸਜਿਆ ਅਤੇ ਮਗਰੋਂ ਨੂੰਹਾਂ ਨੂੰ ਇਹੋ ਤਾਜ ਨਸੀਬ ਹੋਇਆ। ਲੋਕ ਸਭਾ ਚੋਣਾਂ ’ਚ ਐਤਕੀਂ ਪ੍ਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਹਨ। ਉਹ ਪਹਿਲਾਂ ਵੀ ਚਾਰ ਦਫ਼ਾ ਪਟਿਆਲਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਪਹਿਲਾਂ ਉਨ੍ਹਾਂ ਪੰਜੇ ਦੇ ਨਿਸ਼ਾਨ ’ਤੇ ਚੋਣ ਲੜੀ ਅਤੇ ਇਸ ਵਾਰ ਹੱਥ ਦੀ ਥਾਂ ਕਮਲ ਦਾ ਫੁੱਲ ਉਨ੍ਹਾਂ ਦਾ ਚੋਣ ਨਿਸ਼ਾਨ ਹੈ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਸੱਸ ਮਹਿੰਦਰ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਸਨ, 1967 ਵਿਚ ਪਟਿਆਲਾ ਹਲਕੇ ਤੋਂ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਰਾਜ ਮਾਤਾ ਮਹਿੰਦਰ ਕੌਰ 1964-67 ’ਚ ਰਾਜ ਸਭਾ ਮੈਂਬਰ ਰਹੇ। ਸਾਲ 1977 ’ਚ ਉਹ ਜਨਤਾ ਦਲ ਵਿਚ ਸ਼ਾਮਲ ਹੋ ਗਏ ਸਨ ਅਤੇ 1978-84 ਤੱਕ ਰਾਜ ਸਭਾ ਦੇ ਮੁੜ ਮੈਂਬਰ ਰਹੇ। 

         ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਰਹੀ ਹਰਸਿਮਰਤ ਕੌਰ ਬਾਦਲ ਵੀ ਬਾਦਲ ਪਰਿਵਾਰ ਦੀ ਨੂੰਹ ਹੈ ਜੋ ਤਿੰਨ ਦਫ਼ਾ ਪਹਿਲਾਂ ਇਸ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ। ਪਹਿਲੀ ਦਫ਼ਾ ਉਹ ਭਾਜਪਾ ਦੇ ਸਾਥ ਬਿਨਾਂ ਚੋਣ ਮੈਦਾਨ ਵਿਚ ਉੱਤਰੇ ਹਨ। ਹਰਸਿਮਰਤ ਕੌਰ ਬਾਦਲ ਦੀ ਚੋਣ ਵਿਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਭੂਮਿਕਾ ਹੁੰਦੀ ਸੀ ਪਰ ਇਸ ਵਾਰ ਵੱਡੇ ਬਾਦਲ ਦੀ ਕਮੀ ਵੀ ਉਨ੍ਹਾਂ ਨੂੰ ਰੜਕੇਗੀ। ਬੇਸ਼ੱਕ ਹਰਸਿਮਰਤ ਕੌਰ ਦੀ ਸੱਸ ਨੇ ਕੋਈ ਚੋਣ ਤਾਂ ਨਹੀਂ ਲੜੀ ਪਰ ਉਨ੍ਹਾਂ ਦੇ ਸਹੁਰੇ ਪ੍ਰਕਾਸ਼ ਸਿੰਘ ਬਾਦਲ ਨੇ 1977 ਵਿਚ ਸੰਸਦ ਵਿਚ ਪੈਰ ਪਾਏ ਸਨ ਅਤੇ ਕੇਂਦਰੀ ਮੰਤਰੀ ਵੀ ਬਣੇ ਸਨ। ਸਰਾਏਨਾਗਾ ਵਾਲੇ ਬਰਾੜ ਪਰਿਵਾਰ ਵਿਚ ਨੂੰਹਾਂ ਨੂੰ ਵੀ ਲੋਕ ਫ਼ਤਵਾ ਮਿਲਿਆ। ਮਰਹੂਮ ਹਰਚਰਨ ਸਿੰਘ ਬਰਾੜ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ, ਦੀ ਨੂੰਹ ਕਰਨ ਕੌਰ ਬਰਾੜ ਸਾਲ 2012 ਵਿਚ ਵਿਧਾਇਕਾ ਬਣੀ ਸੀ। ਕਰਨ ਕੌਰ ਬਰਾੜ ਦੀ ਸੱਸ ਗੁਰਬਿੰਦਰ ਕੌਰ ਬਰਾੜ ਵੀ ਸੰਸਦ ਮੈਂਬਰ ਰਹੀ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਵੀ ਬਣੀ।

         ਮਜੀਠੀਆ ਪਰਿਵਾਰ ਦੀ ਨੂੰਹ ਗਨੀਵ ਕੌਰ ਮਜੀਠੀਆ ਵੀ ਹੁਣ ਐੱਮਐੱਲਏ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਦਾਦਾ ਸੁਰਜੀਤ ਸਿੰਘ ਮਜੀਠੀਆ ਵੀ ਨਹਿਰੂ ਵਜ਼ਾਰਤ ਵਿਚ ਮੰਤਰੀ ਰਹੇ ਹਨ। ਬਾਜਵਾ ਪਰਿਵਾਰ ਦੀ ਨੂੰਹ ਚਰਨਜੀਤ ਕੌਰ ਬਾਜਵਾ ਵੀ ਵਿਧਾਨ ਸਭਾ ਮੈਂਬਰ ਰਹਿ ਚੁੱਕੀ ਹੈ। ਚਰਨਜੀਤ ਕੌਰ ਬਾਜਵਾ ਦਾ ਸਹੁਰਾ ਸਤਨਾਮ ਸਿੰਘ ਬਾਜਵਾ ਮੰਤਰੀ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਪਤੀ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਰੋਧੀ ਧਿਰ ਦੇ ਨੇਤਾ ਹਨ। ਚੌਧਰੀ ਪਰਿਵਾਰ ਦੀ ਨੂੰਹ ਕਰਮਜੀਤ ਕੌਰ ਨੇ ਜਲੰਧਰ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਵਜੋਂ ਕਿਸਮਤ ਅਜ਼ਮਾਈ ਸੀ ਪਰ ਕਾਮਯਾਬੀ ਨਹੀਂ ਮਿਲੀ ਸੀ। ਮਾਸਟਰ ਗੁਰਬੰਤਾ ਸਿੰਘ ਕੈਰੋਂ ਵਜ਼ਾਰਤ ਵਿਚ ਮੰਤਰੀ ਸਨ ਜਿਨ੍ਹਾਂ ਦੀ ਨੂੰਹ ਕਰਮਜੀਤ ਕੌਰ ਨੂੰ ਜਲੰਧਰ ਦੀ ਜ਼ਿਮਨੀ ਚੋਣ ’ਚ ਉਤਾਰਿਆ ਗਿਆ ਸੀ। ਮਲੂਕਾ ਪਰਿਵਾਰ ਦੀ ਨੂੰਹ ਪਰਮਪਾਲ ਕੌਰ ਮਲੂਕਾ ਦੇ ਵੀ ਐਤਕੀਂ ਚੋਣ ਮੈਦਾਨ ਵਿਚ ਕੁੱਦਣ ਦੀ ਸੰਭਾਵਨਾ ਹੈ ਜਿਨ੍ਹਾਂ ਨੇ ਆਪਣੇ ਅਹੁਦਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਭਾਜਪਾ ਦੀ ਟਿਕਟ ’ਤੇ ਚੋਣ ਲੜਨ ਦੇ ਕਿਆਸ ਹਨ।

         ਫ਼ਰੀਦਕੋਟ ਦਾ ਢਿੱਲੋਂ ਪਰਿਵਾਰ ਵੀ ਸਿਆਸਤ ’ਚ ਮੋਹਰੀ ਰਿਹਾ ਹੈ। ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਪਿਤਾ ਜਸਮੱਤ ਸਿੰਘ ਢਿੱਲੋਂ ਅਤੇ ਮਾਤਾ ਜਗਦੀਸ਼ ਕੌਰ ਢਿੱਲੋਂ ਵੀ ਵਿਧਾਇਕ ਰਹੇ ਹਨ। ਗੁਆਂਢੀ ਸੂਬੇ ਹਰਿਆਣਾ ਵਿਚ ਚੌਟਾਲਾ ਪਰਿਵਾਰ ਦੀ ਨੂੰਹ ਨੈਨਾ ਸਿੰਘ ਚੌਟਾਲਾ ਵਿਧਾਇਕ ਬਣਨ ਵਿਚ ਸਫਲ ਹੋਈ ਅਤੇ ਮਰਹੂਮ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵੀ ਵਿਧਾਇਕਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਮੁਲਾਇਮ ਯਾਦਵ ਦੀ ਨੂੰਹ ਡਿੰਪਲ ਯਾਦਵ ਵੀ ਸੰਸਦ ਮੈਂਬਰ ਰਹਿ ਚੁੱਕੀ ਹੈ। ਮਹਾਰਾਸ਼ਟਰ ਦੇ ਆਗੂ ਸ਼ਿਵ ਰਾਜ ਪਾਟਿਲ ਦੀ ਨੂੰਹ ਅਰਚਨਾ ਪਾਟਿਲ ਵੀ ਹੁਣ ਚੋਣ ਮੈਦਾਨ ਵਿਚ ਹਨ। 

                                 ਪਹਿਲੀ ਮਹਿਲਾ ਐਮਪੀ ਸੁਭਦਰਾ ਜੋਸ਼ੀ

ਸਾਂਝੇ ਪੰਜਾਬ ’ਚੋਂ ਪਹਿਲੀ ਮਹਿਲਾ ਸੰਸਦ ਮੈਂਬਰ ਬਣਨ ਦਾ ਮਾਣ ਸੁਭਦਰਾ ਜੋਸ਼ੀ ਨੂੰ ਰਿਹਾ ਹੈ। ਆਜ਼ਾਦੀ ਦੀ ਲਹਿਰ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਇਹ ਮਹਿਲਾ ਫਿਰ ਅੰਬਾਲਾ ਅਤੇ ਦਿੱਲੀ ਤੋਂ ਵੀ ਸੰਸਦ ਮੈਂਬਰ ਬਣੀ। ਉਹ ਪਹਿਲੀ ਦਫ਼ਾ ਕਰਨਾਲ ਤੋਂ ਜਿੱਤੇ ਸਨ। ਔਰਤਾਂ ’ਚੋਂ ਸਿਰਫ਼ ਸੁਖਬੰਸ ਕੌਰ ਭਿੰਡਰ ਅਜਿਹੀ ਮਹਿਲਾ ਹੈ ਜਿਸ ਨੇ ਗੁਰਦਾਸਪੁਰ ਤੋਂ ਪੰਜ ਦਫ਼ਾ ਚੋਣ ਜਿੱਤੀ। ਪ੍ਰਨੀਤ ਕੌਰ ਨੇ ਚਾਰ ਦਫ਼ਾ ਚੋਣ ਜਿੱਤੀ ਹੈ ਜਦੋਂਕਿ ਹਰਸਿਮਰਤ ਕੌਰ ਬਾਦਲ ਨੇ ਤਿੰਨ ਵਾਰ ਚੋਣ ਜਿੱਤੀ ਹੈ।

                                 ਭੱਠਲ ਸਿਰ ਸਜਿਆ ਮੁੱਖ ਮੰਤਰੀ ਦਾ ਤਾਜ

ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦਾ ਤਾਜ ਬੀਬੀ ਰਜਿੰਦਰ ਕੌਰ ਭੱਠਲ ਦੇ ਸਿਰ ਸਜਿਆ ਹੈ ਜਿਹੜੇ ਲਹਿਰਾਗਾਗਾ ਤੋਂ ਪੰਜ ਦਫ਼ਾ ਵਿਧਾਇਕਾ ਬਣੇ। ਅਮਰਿੰਦਰ ਸਰਕਾਰ ਵਿਚ ਵੀ ਬੀਬੀ ਭੱਠਲ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਪੰਜਾਬ ਦੇ ਸਿਆਸੀ ਇਤਿਹਾਸ ਵਿਚ 1971 ਅਤੇ 1977 ਵਿਚ ਦੋ ਅਜਿਹੇ ਮੌਕੇ ਵੀ ਆਏ ਜਦੋਂ ਕਿ ਪੰਜਾਬ ’ਚੋਂ ਕੋਈ ਵੀ ਮਹਿਲਾ ਪਾਰਲੀਮੈਂਟ ਵਿਚ ਨਹੀਂ ਪੁੱਜੀ ਸੀ। ਸਾਲ 2009 ਵਿਚ ਸਭ ਤੋਂ ਵੱਧ ਚਾਰ ਮਹਿਲਾ ਸੰਸਦ ਮੈਂਬਰ ਬਣੀਆਂ ਸਨ।

                                            ਧੀਆਂ ਨੂੰ ਵੀ ਮਾਣ ਮਿਲਿਆ

ਦੂਸਰੇ ਪਾਸੇ ਧੀਆਂ ਦੀ ਗੱਲ ਕਰੀਏ ਤਾਂ ਕੇਂਦਰੀ ਮੰਤਰੀ ਰਹਿ ਚੁੱਕੇ ਧੰਨਾ ਸਿੰਘ ਗੁਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਅਕਾਲੀ ਦਲ ਦੀ ਟਿਕਟ ’ਤੇ ਮਹਿੰਦਰ ਕੌਰ ਜੋਸ਼ ਤਿੰਨ ਦਫ਼ਾ ਵਿਧਾਇਕ ਬਣੇ ਹਨ ਜਿਨ੍ਹਾਂ ਦਾ ਪਿਤਾ ਅਰਜਨ ਸਿੰਘ ਜੋਸ਼ ਵੀ ਵਿਧਾਇਕ ਰਹੇ ਹਨ। ਅਕਾਲੀ ਵਜ਼ਾਰਤ ਵਿਚ ਮੰਤਰੀ ਰਹੇ ਆਤਮਾ ਸਿੰਘ ਦੀ ਬੇਟੀ ਉਪਿੰਦਰਜੀਤ ਕੌਰ ਵੀ ਮੰਤਰੀ ਰਹੇ ਹਨ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਵੀ ਸਾਲ 2002 ਵਿਚ ਜਲੰਧਰ ਕੈਂਟ ਤੋਂ ਵਿਧਾਇਕ ਬਣੀ ਸੀ।

                                                        ਇੰਝ ਭੰਨੀ ਮੜਕ
                                    ਬਠਿੰਡੇ ਆਲ਼ੇ ਵੋਟਾਂ ਪਾਉਣ ਦੇ ਸ਼ੌਂਕੀ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ: ਕਦੇ ਬਠਿੰਡਾ ’ਤੇ ਪਛੜੇ ਹੋਣ ਦਾ ਦਾਗ਼ ਲੱਗਾ ਅਤੇ ਕਦੇ ਕਿਹਾ ਗਿਆ ‘ਬਠਿੰਡਾ ਆਲ਼ੇ ਰਫ਼ਲਾਂ ਰੱਖਣ ਦੇ ਸ਼ੌਂਕੀ’। ਪੁਰਾਣੀ ਪੀੜ੍ਹੀ ਨੂੰ ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਡਾ’ ਦਾ ਮਿਹਣਾ ਵੀ ਸੁਣਨਾ ਪਿਆ। ਨਵੀਂ ਪੀੜ੍ਹੀ ਨੇ ਹੁਣ ਮਿਹਣੇ ਦੇਣ ਵਾਲਿਆਂ ਦੀ ਮੜਕ ਭੰਨ ਦਿੱਤੀ ਹੈ ਅਤੇ ਲੋਕ ਰਾਜ ਦੀ ਮਜ਼ਬੂਤੀ ਲਈ ਬਠਿੰਡਾ ਦੇ ਵੋਟਰ ਪੰਜਾਬ ਭਰ ਵਿੱਚੋਂ ਮੋਹਰੀ ਬਣ ਗਏ ਹਨ ਜਿਨ੍ਹਾਂ ਨੇ ਜਮਹੂਰੀਅਤ ਵਿੱਚ ਭਾਗੀਦਾਰੀ ਦੇ ਮਾਮਲੇ ਵਿਚ ਪੰਜਾਬ ਵਿੱਚੋਂ ਝੰਡੀ ਲਈ ਹੈ। ਲੰਘੀਆਂ ਤਿੰਨ ਲੋਕ ਸਭਾ ਚੋਣਾਂ ’ਚ ਬਠਿੰਡਾ ਲੋਕ ਸਭਾ ਹਲਕੇ ਦੀ ਪੋਲਿੰਗ ਦਰ ਪੰਜਾਬ ਭਰ ਵਿੱਚੋਂ ਪਹਿਲੇ ਨੰਬਰ ’ਤੇ ਹੈ। ਪਹਿਲਾਂ ਬਠਿੰਡਾ ਹਲਕਾ ਰਾਖਵਾਂ ਹੁੰਦਾ ਸੀ ਅਤੇ ਸਾਲ 2009 ਵਿੱਚ ਜਨਰਲ ਹਲਕਾ ਹੋਇਆ ਹੈ। ਉਦੋਂ ਤੋਂ ਹੀ ਇਹ ਝੰਡੀ ਵਾਲਾ ਰੁਝਾਨ ਜਾਰੀ ਹੈ। ਬਠਿੰਡਾ ਲੋਕ ਸਭਾ ਹਲਕੇ ਦੀ ਪੋਲਿੰਗ ਦਰ ਸੂਬਾਈ ਔਸਤ ਨਾਲੋਂ ਉੱਚੀ ਰਹੀ ਹੈ। ਪੰਜਾਬ ਵਿੱਚ ਸਮੁੱਚੀ ਪੋਲਿੰਗ ਦਰ ਦੇਖੀਏ ਤਾਂ ਦੂਜੀ ਲੋਕ ਸਭਾ ਚੋਣ 1952 ਵਿੱਚ ਸਭ ਤੋਂ ਵੱਧ 78 ਫ਼ੀਸਦੀ ਪੋਲਿੰਗ ਰਹੀ ਹੈ ਜਦੋਂਕਿ ਪਹਿਲੀ ਲੋਕ ਸਭਾ ਵਿੱਚ ਇਹੋ ਦਰ 74.3 ਫ਼ੀਸਦੀ ਰਹੀ ਹੈ। 

         ਮਗਰੋਂ 1967 ਵਿੱਚ 71.1 , 1977 ਵਿੱਚ 70.1 ਅਤੇ 2014 ਵਿੱਚ 70.6 ਫ਼ੀਸਦੀ ਪੋਲਿੰਗ ਰਹੀ ਹੈ। ਇਨ੍ਹਾਂ ਚੋਣਾਂ ਤੋਂ ਬਿਨਾਂ ਕਦੇ ਵੀ ਪੰਜਾਬ ਦੀ ਪੋਲਿੰਗ ਦਰ 70 ਫ਼ੀਸਦੀ ਨੂੰ ਛੂਹ ਨਾ ਸਕੀ। ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਵਿੱਚੋਂ ਸਭ ਤੋਂ ਘੱਟ ਪੋਲਿੰਗ ਦਰ 1991 ਵਿੱਚ 24 ਫ਼ੀਸਦੀ ਰਹੀ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਐਤਕੀਂ ਪੰਜਾਬ ਦੀ ਪੋਲਿੰਗ ਦਰ ਦਾ ਟੀਚਾ 70 ਫ਼ੀਸਦੀ ਨੂੰ ਪਾਰ ਕਰਨ ਦਾ ਰੱਖਿਆ ਹੈ। ਲੋਕ ਸਭਾ ਹਲਕਾ ਵਾਰ ਗੱਲ ਕਰੀਏ ਤਾਂ 2019 ਦੀਆਂ ਚੋਣਾਂ ਵਿੱਚ ਪੰਜਾਬ ਭਰ ਵਿੱਚੋਂ ਉੱਚੀ ਪੋਲਿੰਗ ਦਰ ਬਠਿੰਡਾ ਹਲਕੇ ਦੀ 76.4 ਫ਼ੀਸਦੀ ਰਹੀ ਜਦੋਂਕਿ ਸਭ ਤੋਂ ਘੱਟ ਅੰਮ੍ਰਿਤਸਰ ਵਿੱਚ 59.1 ਫ਼ੀਸਦੀ ਰਹੀ। 2014 ਵਿੱਚ ਬਠਿੰਡਾ ਹਲਕੇ ਵਿੱਚ ਸਭ ਤੋਂ ਵੱਧ 77.2 ਫ਼ੀਸਦੀ ਪੋਲਿੰਗ ਰਹੀ ਅਤੇ ਸਭ ਤੋਂ ਘੱਟ 64.7 ਫ਼ੀਸਦੀ ਹੁਸ਼ਿਆਰਪੁਰ ਦੀ ਰਹੀ। 2009 ਵਿੱਚ ਬਠਿੰਡਾ ਹਲਕੇ ਦੀ 78.4 ਫ਼ੀਸਦੀ ਪੋਲਿੰਗ ਰਹੀ ਅਤੇ ਸਭ ਤੋਂ ਘੱਟ ਲੁਧਿਆਣਾ ਦੀ 64.6 ਫ਼ੀਸਦੀ ਰਹੀ। ਜਦੋਂ ਫ਼ਰੀਦਕੋਟ ਲੋਕ ਸਭਾ ਹਲਕਾ ਰਾਖਵਾਂ ਨਹੀਂ ਸੀ ਤਾਂ ਉਦੋਂ ਫ਼ਰੀਦੋਕਟੀਆਂ ਦੀ ਪੋਲਿੰਗ ਦਰ ਵਿਚ ਸਰਦਾਰੀ ਰਹੀ ਹੈ। 

         2004 ਦੀਆਂ ਚੋਣਾਂ ਵਿੱਚ ਪੰਜਾਬ ਭਰ ਵਿੱਚ ਸਭ ਤੋਂ ਵੱਧ 70.7 ਫ਼ੀਸਦੀ ਪੋਲਿੰਗ ਫਰੀਦਕੋਟ ਹਲਕੇ ਦੀ ਰਹੀ ਅਤੇ ਸਭ ਤੋਂ ਘੱਟ ਅੰਮ੍ਰਿਤਸਰ ਦੀ 55.1 ਫ਼ੀਸਦੀ ਰਹੀ ਹੈ। 1999 ਵਿੱਚ ਫ਼ਰੀਦਕੋਟ ਹਲਕਾ 71.2 ਫ਼ੀਸਦੀ ਨਾਲ ਅੱਵਲ ਰਿਹਾ ਅਤੇ 1998 ਵਿਚ ਵੀ 72.7 ਫ਼ੀਸਦੀ ਤੋਂ ਇਲਾਵਾ 1996 ਵਿਚ ਵੀ ਫ਼ਰੀਦਕੋਟ ਹਲਕਾ 72 ਫ਼ੀਸਦੀ ਪੋਲਿੰਗ ਨਾਲ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਰਿਹਾ। ਰੁਝਾਨ ਗਵਾਹੀ ਭਰਦੇ ਹਨ ਕਿ ਰਾਖਵੇਂ ਹਲਕਿਆਂ ਵਿੱਚ ਪੋਲਿੰਗ ਦਰ ਘੱਟ ਹੁੰਦੀ ਹੈ। 1991 ਵਿੱਚ ਜਦੋਂ ਪੰਜਾਬ ਵਿੱਚ ਸਭ ਤੋਂ ਘੱਟ 24 ਫ਼ੀਸਦੀ ਪੋਲਿੰਗ ਹੋਈ ਸੀ ਤਾਂ ਉਦੋਂ ਫ਼ਿਰੋਜ਼ਪੁਰ ਹਲਕਾ 43.7 ਫ਼ੀਸਦੀ ਨਾਲ ਸੂਬੇ ਵਿੱਚੋਂ ਪਹਿਲੇ ਨੰਬਰ ’ਤੇ ਸੀ ਅਤੇ 1989 ਵਿੱਜ ਸੂਬੇ ਵਿੱਚੋਂ ਪਹਿਲਾਂ ਨੰਬਰ ਸੰਗਰੂਰ ਹਲਕੇ ਦਾ ਸੀ ਜਿੱਥੇ 71.7 ਫ਼ੀਸਦੀ ਵੋਟਾਂ ਪਈਆਂ ਸਨ। ਇਵੇਂ ਹੀ 1977, 1980 ਅਤੇ 1984 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਭਰ ਵਿੱਚੋਂ ਰੋਪੜ ਲੋਕ ਸਭਾ ਹਲਕੇ ਦੀ ਝੰਡੀ ਰਹੀ ਹੈ। 

         ਇਸੇ ਤਰ੍ਹਾਂ ਹੀ ਅੰਮ੍ਰਿਤਸਰ ਲੋਕ ਸਭਾ ਹਲਕਾ ਸਾਲ 1967 ਅਤੇ 1971 ਦੀਆਂ ਚੋਣਾਂ ਵਿਚ ਸੂਬੇ ਵਿੱਚੋਂ ਮੋਹਰੀ ਰਿਹਾ। ਪਹਿਲੀ ਤਿੰਨ ਲੋਕ ਸਭਾ ਚੋਣਾਂ ਵਿਚ ਸਾਂਝੇ ਪੰਜਾਬ ਦੇ ਮੌਕੇ ’ਤੇ ਰੋਹਤਕ ਲੋਕ ਸਭਾ ਹਲਕਾ ਅੱਵਲ ਰਿਹਾ। ਸੰਗਰੂਰ ਲੋਕ ਸਭਾ ਹਲਕਾ ਪੰਜਾਬ ਵਿੱਚੋਂ ਸੱਤ ਚੋਣਾਂ ਵਿੱਚ ਦੂਜੇ ਨੰਬਰ ’ਤੇ ਰਿਹਾ ਹੈ। ਜਿਹੜੇ ਲੋਕ ਸਭਾ ਹਲਕੇ ਪਹਿਲੇ ਨੰਬਰ ’ਤੇ ਰਹੇ ਹਨ, ਉਨ੍ਹਾਂ ਵਿੱਚੋਂ 2009 ਵਿੱਚ ਸਭ ਤੋਂ ਵੱਧ ਵੋਟਾਂ 78.4 ਫ਼ੀਸਦ ਬਠਿੰਡਾ ਵਿੱਚ ਪਈਆਂ ਅਤੇ ਕੋਈ ਵੀ ਹਲਕਾ ਅੱਜ ਤੱਕ ਇਸ ਰਿਕਾਰਡ ਨੂੰ ਤੋੜ ਨਾ ਸਕਿਆ ਹੈ। ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਸਾਬਕਾ ਪ੍ਰੋ. ਜਗਤਾਰ ਸਿੰਘ ਜੋਗਾ ਆਖਦੇ ਹਨ ਕਿ ਬਠਿੰਡਾ ਸੰਸਦੀ ਹਲਕਾ ਸ਼ੁਰੂ ਤੋਂ ਲੋਕ ਲਹਿਰਾਂ ਦੇ ਪ੍ਰਭਾਵ ਵਿੱਚ ਰਿਹਾ ਹੈ ਅਤੇ ਲੋਕਾਂ ਦੀ ਸਿਆਸੀ ਸੋਝੀ ਔਸਤਨ ਤੋਂ ਉੱਚੀ ਰਹੀ ਹੈ ਜਿਸ ਦੇ ਵਜੋਂ ਲੋਕ ਉਤਸ਼ਾਹ ਨਾਲ ਵੋਟਾਂ ਪਾਉਂਦੇ ਹਨ। ਲੋਕ ਰਾਜ ਦੀ ਮਜ਼ਬੂਤੀ ਲਈ ਇਹ ਉਸਾਰੂ ਪਹਿਲੂ ਹੈ।

Wednesday, April 10, 2024

                                                        ਸਿਆਸੀ ਕੁੰਡਲੀ
                            ਜੀਵੇ ਆਸਾ, ਜਾਵੇ ਨਿਰਾਸ਼ਾ, ਦੇਵੇ ਕੌਣ ਦਿਲਾਸਾ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਐਤਕੀਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਪੱਲੇ ਉਮੀਦਾਂ ਵੀ ਨੇ, ਨਮੋਸ਼ੀਆਂ ਵੀ ਹਨ ਅਤੇ ਧਰਵਾਸੇ ਵੀ। ਚੋਣ ਮੁਕਾਬਲੇ ਬਹੁਕੋਣੇ ਹੋਣਗੇ ਅਤੇ ‘ਆਪ’ ਨੇ ਉਮੀਦਵਾਰ ਐਲਾਨਣ ਵਿਚ ਪਹਿਲ ਵੀ ਕੀਤੀ ਹੈ। ਦਿਲਚਸਪ ਹੋਵੇਗਾ ਕਿ ਐਤਕੀਂ ਅਕਾਲੀ ਦਲ ਅਤੇ ਭਾਜਪਾ ਵੱਖੋ-ਵੱਖ ਚੋਣਾਂ ਲੜਨਗੇ। ਵੱਡਾ ਸੁਆਲ ਹੈ ਕਿ ਕੀ ਮਾਲਵੇ ਦੇ ਟਿੱਬਿਆਂ ’ਚ ‘ਕਮਲ ਦਾ ਫੁੱਲ’ ਖਿੜੇਗਾ? ਵਿਧਾਨ ਸਭਾ ਚੋਣਾਂ 2022 ਦੇ ਚੋਣ ਨਤੀਜੇ ’ਤੇ ਝਾਤ ਮਾਰੀਏ ਤਾਂ ਮਾਲਵਾ ਖ਼ਿੱਤੇ ’ਚ ਭਾਜਪਾ ਦੇ ਪੈਰ ਲੱਗਣੇ ਮੁਸ਼ਕਲ ਜਾਪਦੇ ਹਨ ਜਦੋਂਕਿ ਮਾਝੇ ਅਤੇ ਦੁਆਬੇ ’ਚ ਭਾਜਪਾ ਨੂੰ ਵੋਟ ਪ੍ਰਤੀਸ਼ਤ ’ਚ ਥੋੜ੍ਹਾ ਹੁੰਗਾਰਾ ਮਿਲਿਆ ਹੈ। ਭਾਜਪਾ ਵੱਲੋਂ 1998 ਤੋਂ ਬਾਅਦ ਪਹਿਲੀ ਦਫ਼ਾ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਪਹਿਲਾਂ ਭਾਜਪਾ ਨੇ 2022 ਵਿਚ ਵਿਧਾਨ ਸਭਾ ਚੋਣਾਂ ’ਚ ਆਪਣੇ ਦਮ ’ਤੇ ਲੜੀਆਂ ਸਨ ਜਿਨ੍ਹਾਂ ’ਚ ਸਮੁੱਚੇ ਪੰਜਾਬ ’ਚੋਂ ਭਾਜਪਾ ਨੂੰ 6.6 ਫ਼ੀਸਦੀ ਵੋਟਾਂ ਮਿਲੀਆਂ ਸਨ। ਪੰਜਾਬ ਦੇ 13 ਲੋਕ ਸਭਾ ਹਲਕਿਆਂ ’ਚ ਭਾਜਪਾ ਆਪਣੇ ਉਮੀਦਵਾਰ ਉਤਾਰੇਗੀ ਅਤੇ ਪੰਜ ਹਲਕਿਆਂ ’ਚ ਉਮੀਦਵਾਰ ਐਲਾਨ ਵੀ ਦਿੱਤੇ ਗਏ ਹਨ। 

           ਸਾਲ 2022 ਦੀਆਂ ਅਸੈਂਬਲੀ ਚੋਣਾਂ ’ਚ ਸਭ ਤੋਂ ਘੱਟ ਲੋਕ ਸਭਾ ਹਲਕਾ ਫ਼ਰੀਦਕੋਟ ਵਿਚ ਸਿਰਫ਼ 1.1 ਫ਼ੀਸਦੀ ਵੋਟਾਂ ਮਿਲੀਆਂ ਸਨ ਅਤੇ 9 ਹਲਕਿਆਂ ’ਚੋਂ ਸਿਰਫ਼ ਦੋ ਹਲਕਿਆਂ ਵਿਚ ਭਾਜਪਾ ਨੇ ਚੋਣ ਲੜੀ ਸੀ ਜਿਨ੍ਹਾਂ ’ਚੋਂ 13031 ਵੋਟਾਂ ਮਿਲੀਆਂ ਸਨ। ਬਠਿੰਡਾ ਲੋਕ ਸਭਾ ਹਲਕੇ ਦੇ ਨੌਂ ਅਸੈਂਬਲੀ ਹਲਕਿਆਂ ’ਚ ਭਾਜਪਾ ਨੂੰ ਦੋ ਫ਼ੀਸਦੀ ਵੋਟਾਂ ਮਿਲੀਆਂ ਸਨ। ਇੱਥੇ ਲੋਕ ਸਭਾ ਹਲਕੇ ਦੇ ਛੇ ਅਸੈਂਬਲੀ ਹਲਕਿਆਂ ’ਚ ਭਾਜਪਾ ਨੇ ਚੋਣ ਲੜੀ ਸੀ ਜਿਨ੍ਹਾਂ ’ਚੋਂ ਭਾਜਪਾ ਨੂੰ 26032 ਵੋਟਾਂ ਮਿਲੀਆਂ ਸਨ। ਵਿਧਾਨ ਸਭਾ ਚੋਣਾਂ-2022 ਭਾਜਪਾ ਨੇ 74 ਹਲਕਿਆਂ ਤੋਂ ਲੜੀਆਂ ਸਨ ਅਤੇ 10.10 ਲੱਖ ਵੋਟਾਂ ਹਾਸਲ ਕੀਤੀਆਂ ਸਨ। ਲੋਕ ਸਭਾ ਹਲਕਾ ਵਾਈਜ਼ ਦੇਖੀਏ ਤਾਂ ਸੰਗਰੂਰ ਦੇ ਤਿੰਨ ਅਸੈਂਬਲੀ ਹਲਕਿਆਂ ’ਚੋਂ ਭਾਜਪਾ ਨੂੰ 13,766 ਵੋਟਾਂ ਮਿਲੀਆਂ ਜੋ ਕਿ 2.3 ਫ਼ੀਸਦੀ ਬਣਦੀਆਂ ਹਨ ਜਦੋਂਕਿ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਚਾਰ ਅਸੈਂਬਲੀ ਹਲਕਿਆਂ ’ਚੋਂ 38,672 ਵੋਟਾਂ ਮਿਲੀਆਂ ਜੋ ਕਿ 3.3 ਫ਼ੀਸਦੀ ਬਣਦੀਆਂ ਹਨ। ਪਟਿਆਲਾ ਲੋਕ ਸਭਾ ਹਲਕੇ ਦੇ 5 ਵਿਧਾਨ ਸਭਾ ਹਲਕਿਆਂ ’ਚ ਭਾਜਪਾ ਨੂੰ 71,476 ਵੋਟਾਂ ਮਤਲਬ 5.4 ਫ਼ੀਸਦੀ ਵੋਟ ਫ਼ੀਸਦ ਹਾਸਲ ਹੋਇਆ।

          ਲੰਘੀਆਂ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਾਲਵਾ ਖ਼ਿੱਤੇ ਦੇ ਲੋਕ ਸਭਾ ਹਲਕਾ ਲੁਧਿਆਣਾ ’ਚ ਸਭ ਤੋਂ ਵੱਧ 13.4 ਫ਼ੀਸਦੀ ਵੋਟਾਂ ਮਿਲੀਆਂ ਸਨ। ਇੱਥੋਂ ਦੇ ਅੱਠ ਵਿਧਾਨ ਸਭਾ ਹਲਕਿਆਂ ’ਚੋਂ ਭਾਜਪਾ ਨੂੰ 1.54 ਲੱਖ ਵੋਟ ਹਾਸਲ ਹੋਈ ਸੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਲੋਕ ਸਭਾ ਹਲਕੇ ’ਚੋਂ 10.9 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ ਜਿੱਥੇ 7 ਅਸੈਂਬਲੀ ਹਲਕਿਆਂ ਵਿਚ ਭਾਜਪਾ ਨੂੰ 1.41 ਲੱਖ ਵੋਟਾਂ ਮਿਲੀਆਂ। ਆਨੰਦਪੁਰ ਲੋਕ ਸਭਾ ਹਲਕੇ ਦੇ 9 ਹਲਕਿਆਂ ’ਚੋਂ ਭਾਜਪਾ ਨੂੰ 7.6 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ ਜੋ ਕਿ 7.6 ਫ਼ੀਸਦੀ ਬਣਦੀਆਂ ਹਨ। ਅਸੈਂਬਲੀ ਚੋਣਾਂ ਮੌਕੇ ਭਾਜਪਾ ਨੂੰ ਪੰਜਾਬ ’ਚੋਂ ਸਭ ਤੋਂ ਵੱਧ ਗੁਰਦਾਸਪੁਰ ਲੋਕ ਸਭਾ ਹਲਕੇ ’ਚੋਂ 13.6 ਫ਼ੀਸਦੀ ਵੋਟਾਂ ਮਿਲੀਆਂ ਸਨ ਜਦੋਂਕਿ ਲੁਧਿਆਣਾ ’ਚੋਂ 13.4 ਫ਼ੀਸਦੀ ਪ੍ਰਾਪਤ ਹੋਈਆਂ ਸਨ। ਜਲੰਧਰ ਲੋਕ ਸਭਾ ਹਲਕੇ ’ਚੋਂ 10.9 ਫ਼ੀਸਦੀ ਅਤੇ ਹੁਸ਼ਿਆਰਪੁਰ ਹਲਕੇ ’ਚੋਂ 10 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਨੂੰ ਦੇਖੀਏ ਤਾਂ ਭਾਜਪਾ ਲੋਕ ਸਭਾ ਹਲਕਾ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਾਂ ਲਗਾ ਸਕਦੀ ਹੈ। ਅਸੈਂਬਲੀ ਚੋਣਾਂ ਵਿਚ ਭਾਜਪਾ ਦੇ ਸਿਰਫ਼ ਦੋ ਉਮੀਦਵਾਰ ਹੀ ਜਿੱਤੇ ਸਨ। 

           2022 ਚੋਣਾਂ ਵਿਚ ‘ਆਪ’ ਨੂੰ 42.3 ਫ਼ੀਸਦੀ ਵੋਟ ਮਿਲੇ ਸਨ ਜਦੋਂਕਿ ਕਾਂਗਰਸ ਨੂੰ 23.1 ਫ਼ੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 18.5 ਫ਼ੀਸਦੀ ਵੋਟ ਮਿਲੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦਾ ਲੋਕ ਸਭਾ ਹਲਕਾ ਬਠਿੰਡਾ, ਫ਼ਤਹਿਗੜ੍ਹ ਸਾਹਿਬ, ਫ਼ਿਰੋਜ਼ਪੁਰ, ਪਟਿਆਲਾ ਅਤੇ ਸੰਗਰੂਰ ਵਿਚ ਵੋਟ ਦਰ 20 ਫ਼ੀਸਦ ਤੋਂ ਵੀ ਘੱਟ ਰਹੀ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੀ ਅੱਠ ਲੋਕ ਸਭਾ ਹਲਕਿਆਂ ਵਿਚ ਵੋਟ ਫ਼ੀਸਦੀ 20 ਫ਼ੀਸਦ ਤੋਂ ਘੱਟ ਰਹੀ ਹੈ ਜਿਨ੍ਹਾਂ ਵਿਚ ਆਨੰਦਪੁਰ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਆਮ ਆਦਮੀ ਪਾਰਟੀ ਦੀ ਵੋਟ ਦਰ 2022 ਵਿਚ ਲੋਕ ਸਭਾ ਹਲਕਾ ਵਾਈਜ਼ ਦੇਖੀਏ ਤਾਂ ਸਭ ਤੋਂ ਉੱਚੀ ਵੋਟ ਦਰ ਸੰਗਰੂਰ ਲੋਕ ਸਭਾ ਹਲਕੇ ਵਿਚ 53.2 ਫ਼ੀਸਦੀ ਰਹੀ ਹੈ ਜਦੋਂਕਿ ਦੂਜੇ ਨੰਬਰ ’ਤੇ ਬਠਿੰਡਾ ਲੋਕ ਸਭਾ ਹਲਕੇ ਵਿਚ 51.8 ਫ਼ੀਸਦੀ ਰਹੀ ਹੈ। 

          ‘ਆਪ’ ਦੀ ਸਭ ਤੋਂ ਨੀਵੀਂ ਵੋਟ ਦਰ ਲੋਕ ਸਭਾ ਹਲਕਾ ਜਲੰਧਰ ਵਿਚ 28.3 ਫ਼ੀਸਦੀ ਰਹੀ ਹੈ ਅਤੇ ਇਸੇ ਤਰ੍ਹਾਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ 33.9 ਫ਼ੀਸਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਸਭ ਤੋਂ ਉੱਚੀ ਵੋਟ ਦਰ 25 ਫ਼ੀਸਦੀ ਰਹੀ ਹੈ ਜਦੋਂ ਕਿ ਸਭ ਤੋਂ ਘੱਟ ਵੋਟ ਦਰ ਹਲਕਾ ਹੁਸ਼ਿਆਰਪੁਰ ਵਿਚ 10.1 ਫ਼ੀਸਦੀ ਰਹੀ ਹੈ। ਬਸਪਾ ਨੇ ਅਕਾਲੀ ਦਲ ਨਾਲ ਗੱਠਜੋੜ ’ਚ ਚੋਣਾਂ ਲੜੀਆਂ ਸਨ ਤਾਂ ਉਦੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ ਬਸਪਾ ਦੀ ਵੋਟ ਦਰ 9.3 ਫ਼ੀਸਦੀ ਰਹੀ ਸੀ ਜਦੋਂ ਕਿ ਜਲੰਧਰ ਲੋਕ ਸਭਾ ਹਲਕੇ ਵਿਚ 3.9 ਫ਼ੀਸਦੀ ਰਹੀ ਸੀ।

                               ਚਾਰ ਹਲਕਿਆਂ ’ਚ ਅਕਾਲੀ- ਭਾਜਪਾਈ ਭਾਈ ਭਾਈ..

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਚਾਰ ਲੋਕ ਸਭਾ ਹਲਕਿਆਂ ਵਿਚ ਵੋਟ ਬੈਂਕ ਨੇੜੇ ਤੇੜੇ ਰਿਹਾ ਹੈ। 2022 ਚੋਣਾਂ ਮੌਕੇ ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਭਾਜਪਾ ਨੂੰ 17.1 ਫ਼ੀਸਦੀ ਵੋਟ ਮਿਲੇ ਜਦੋਂ ਕਿ ਅਕਾਲੀ ਦਲ ਨੂੰ 13.6 ਫ਼ੀਸਦੀ ਵੋਟ ਮਿਲੇ ਸਨ। ਹੁਸ਼ਿਆਰਪੁਰ ਲੋਕ ਸਭਾ ਹਲਕੇ ’ਚ ਭਾਜਪਾ ਨੂੰ 10 ਫ਼ੀਸਦੀ ਜਦੋਂ ਕਿ ਅਕਾਲੀ ਨੂੰ 10.1 ਫ਼ੀਸਦੀ ਵੋਟ ਪ੍ਰਾਪਤ ਹੋਏ ਸਨ। ਇਸੇ ਤਰ੍ਹਾਂ ਜਲੰਧਰ ’ਚ ਭਾਜਪਾ ਨੂੰ 10.9 ਅਤੇ ਅਕਾਲੀ ਦਲ ਨੂੰ 16.8 ਫ਼ੀਸਦੀ ਵੋਟ ਪ੍ਰਾਪਤ ਹੋਏ ਸਨ। ਲੁਧਿਆਣਾ ਵਿਚ ਅਕਾਲੀ ਦਲ ਨੂੰ 15.6 ਅਤੇ ਭਾਜਪਾ ਨੂੰ 13.4 ਫ਼ੀਸਦੀ ਵੋਟ ਮਿਲੇ ਸਨ।

                                         ਭਾਜਪਾ ਅੱਗੇ ਕਿਸਾਨਾਂ ਦੀ ਚੁਣੌਤੀ !

ਐਤਕੀਂ ਕਿਸਾਨ ਜਥੇਬੰਦੀਆਂ ਦੀ ਭਾਜਪਾ ਨੂੰ ਵੱਡੀ ਚੁਣੌਤੀ ਹੈ। ਪੇਂਡੂ ਖੇਤਰ ਵਿੱਚ ਕਿਸਾਨ ਧਿਰਾਂ ਭਾਜਪਾ ਦੇ ਵੋਟ ਬੈਂਕ ’ਤੇ ਚੋਟ ਕਰਨਗੀਆਂ। ਭਾਜਪਾ ਉਮੀਦਵਾਰਾਂ ਦਾ ਵਿਰੋਧ ਨਿੱਤ ਦਿਨ ਕਿਸਾਨ ਧਿਰਾਂ ਵੱਲੋਂ ਵਧ ਰਿਹਾ ਹੈ ਅਤੇ ਪਿੰਡਾਂ ਵਿਚ ਦਾਖ਼ਲੇ ’ਤੇ ਪਾਬੰਦੀ ਦੇ ਬੋਰਡ ਲੱਗਣ ਲੱਗੇ ਹਨ। ਦੂਜਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲਹਿਦਾ ਹੋਣ ਕਰਕੇ ਭਾਜਪਾ ਨੂੰ ਪੇਂਡੂ ਖੇਤਰ ’ਚੋਂ ਵੱਡੀ ਮਾਰ ਝੱਲਣੀ ਪੈ ਸਕਦੀ ਹੈ। ਭਾਜਪਾ ਆਸਵੰਦ ਹੈ ਕਿ ਉਨ੍ਹਾਂ ਦਾ ਵੋਟ ਆਧਾਰ ਐਤਕੀਂ ਵਧੇਗਾ।